ਜਨਵਰੀ 2010: ਜ਼ਰੂਰਤ ਹੈ, ਜ਼ਰੂਰਤ ਹੈ… ।

    

                                                   

       

ਇਸ ਪੰਨੇ ਤੇ ਛਪੇ ਲੇਖਕ:

ਪ੍ਰੇਮ ਮਾਨ

       

 
                                     
              
ਜਨਵਰੀ 9, 2010

        

ਜ਼ਰੂਰਤ ਹੈ, ਜ਼ਰੂਰਤ ਹੈ… ।

      - ਪ੍ਰੇਮ ਮਾਨ

     

ਫ਼ਿਲਮ ਮਨ ਮੌਜੀ (ਜੋ ਕਿ 1962 ਵਿੱਚ ਬਣਾਈ ਗਈ ਸੀ) ਵਿੱਚ ਕਿਸ਼ੋਰ ਕੁਮਾਰ ਦਾ ਗਾਇਆ ਇਕ ਗੀਤ ਹੈ ਜੋ ਕਿਸ਼ੋਰ ਕੁਮਾਰ ਅਤੇ ਮਧੂਬਾਲਾ ਉੱਤੇ ਫ਼ਿਲਮਾਇਆ ਗਿਆ ਸੀ ਜਿਸਦੇ ਬੋਲ ਹਨ, ''ਜ਼ਰੂਰਤ ਹੈ, ਜ਼ਰੂਰਤ ਹੈ, ਇਕ ਸ਼ਿਰੀ ਮਤੀ ਕੀ।" ਅੱਜ ਵੀ ਇਕ ਸ਼ਿਰੀ ਮਤੀ ਦੀ ਜ਼ਰੂਰਤ ਹੈ ਪਰ ਉਸ ਤਰ੍ਹਾਂ ਦੀ ਸ਼ਿਰੀ ਮਤੀ ਦੀ ਨਹੀਂ ਜਿਸ ਦੀ ਜ਼ਰੂਰਤ ਉਪਰਲੇ ਗਾਣੇ ਵਿੱਚ ਕਿਸ਼ੋਰ ਕੁਮਾਰ ਨੇ ਕੀਤੀ ਸੀ। ਅੱਜ ਜ਼ਰੂਰਤ ਹੈ ਕਿਸੇ ਧੜੱਲੇਦਾਰ, ਈਮਾਨਦਾਰ, ਅਗਵਾਈ ਕਰਨ ਦੀ ਯੋਗਤਾ ਰੱਖਣ ਵਾਲੀ, ਅਤੇ ਸੁਘੜ ਸਿਆਣੀ ਔਰਤ ਦੀ ਅਤੇ ਇਹ ਲੋੜ ਹੈ ਪੰਜਾਬ ਨੂੰ। ਹਾਂ ਜੀ ਤੁਸੀਂ ਬਿਲਕੁਲ ਠੀਕ ਪੜ੍ਹਿਆ ਹੈ। ਇਹੋ ਜਿਹੀ ਲੋੜ ਹੈ ਪੰਜਾਬ ਨੂੰ। ਪਰ ਕਿਉਂ?

             

ਹਿੰਦੁਸਤਾਨ ਨੂੰ 62-63 ਸਾਲ ਪਹਿਲਾਂ ਜਦੋਂ ਅਜ਼ਾਦੀ ਮਿਲੀ ਸੀ ਤਾਂ ਪੰਜਾਬ ਹਿੰਦੁਸਤਾਨ ਦਾ ਪਹਿਲੇ ਨੰਬਰ ਦਾ ਸੂਬਾ ਸੀ। ਪੰਜਾਬ ਦੀ ਹਰ ਪਾਸੇ ਬੱਲੇ ਬੱਲੇ ਸੀ, ਹਰ ਪਾਸੇ ਚੜ੍ਹਤ ਸੀ, ਹਰ ਥਾਂ ਪੁੱਛ ਗਿੱਛ ਸੀ। ਪਰ ਹੌਲੀ ਹੌਲੀ ਇਹ ਪੰਜਾਬ ਨਿੱਘਰਦਾ ਗਿਆ, ਗਿਰਾਵਟ ਵਲ ਜਾਂਦਾ ਰਿਹਾ। ਦਿਨ-ਬ-ਦਿਨ ਇਸਦੀ ਹਾਲਤ ਹੋਰ ਪਤਲੀ ਹੁੰਦੀ ਗਈ। ਅਤੇ ਅੱਜ ਜੋ ਹਾਲਤ ਪੰਜਾਬ ਦੀ ਹੋ ਗਈ ਹੈ, ਉਸਨੂੰ ਦੇਖ ਕੇ ਰੋਣਾ ਆਉਂਦਾ ਹੈ। ਪੰਜਾਬ ਨੂੰ ਬਹੁਤ ਦੇਰ ਤੋਂ ਕੋਈ ਵੀ ਚੰਗਾ ਲੀਡਰ ਨਹੀਂ ਮਿਲਿਆ ਜੋ ਇਸਦੀ ਸਹੀ ਤਰ੍ਹਾਂ ਅਗਵਾਈ ਕਰ ਸਕੇ। ਅਸਲ ਵਿੱਚ ਮੇਰਾ ਆਪਣਾ ਇਹ ਵਿਚਾਰ ਹੈ ਕਿ ਪ੍ਰਤਾਪ ਸਿੰਘ ਕੈਰੋਂ ਤੋਂ ਬਾਦ ਪੰਜਾਬ ਨੂੰ ਕੋਈ ਸੁਘੜ ਸਿਆਣਾ ਲੀਡਰ ਨਹੀਂ ਮਿਲਿਆ ਜੋ ਇਸਦੀ ਠੀਕ ਢੰਗ ਨਾਲ ਅਗਵਾਈ ਕਰ ਸਕਦਾ। ਭਾਵੇਂ ਬਹੁਤ ਸਾਰੇ ਲੋਕ ਕੈਰੋਂ ਨੂੰ ਵੀ ਠੀਕ ਲੀਡਰ ਨਹੀਂ ਸਮਝਦੇ ਕਿਉਂਕਿ ਉਸਦੇ ਬੱਚਿਆਂ ਨੇ ਗੁੰਡਾ-ਗਰਦੀ ਦੀ ਹੱਦ ਚੁੱਕੀ ਹੋਈ ਸੀ ਪਰ ਜੇ ਦੇਖੀਏ ਤਾਂ ਪੰਜਾਬ ਵਿੱਚ ਫਿਰ ਵੀ ਹਾਲਤ ਬਹੁਤ ਚੰਗੇ ਸਨ। ਪੰਜਾਬ ਨੂੰ ਪੜ੍ਹੇ ਲਿਖੇ ਲੀਡਰ ਤਾਂ ਕਈ ਮਿਲੇ ਹਨ ਪਰ ਉਹ ਕੁਝ ਕਰ ਨਹੀਂ ਸਕੇ। ਬਹੁਤੇ ਸਿਆਸਤਦਾਨ ਸਿਰਫ਼ ਇਸ ਲਈ ਚੋਣਾਂ ਲੜਦੇ ਆਏ ਹਨ ਕਿ ਉਹ ਧੰਨ ਦੌਲਤ ਇਕੱਠਾ ਕਰ ਲੈਣ। ਉਨ੍ਹਾਂ ਨੂੰ ਪੰਜਾਬ ਨਾਲ ਅਤੇ ਪੰਜਾਬ ਦੇ ਲੋਕਾਂ ਨਾਲ ਕੋਈ ਲਗਾਉ ਨਹੀਂ। ਉਨ੍ਹਾਂ ਵਲੋਂ ਲੋਕ ਚਾਹੇ ਜੀਣ ਅਤੇ ਚਾਹੇ ਮਰਨ, ਉਨ੍ਹਾਂ ਨੂੰ ਤਾਂ ਆਪਣੇ ਮਕਸਦ ਪੂਰੇ ਕਰਨ ਨਾਲ ਹੈ। ਉਨ੍ਹਾਂ ਦੀ ਤਾਂ ''ਸੁਥਰਾ ਘੋਲ ਪਤਾਸੇ ਪੀਵੇ" ਵਾਲੀ ਗੱਲ ਹੈ। ਪੈਸੇ ਇਕੱਠੇ ਕਰਨਾ, ਕੁਨਬਾਪਰਵਰੀ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਦੇਣੀਆਂ। ਬੱਸ ਇਹੋ ਹੈ ਇਨ੍ਹਾਂ ਲੀਡਰਾਂ ਦਾ ਮਕਸਦ।

         

ਅੱਜ ਪੰਜਾਬ ਨਸ਼ਿਆਂ ਦੀ ਮੰਡੀ ਬਣ ਗਿਆ ਹੈ। ਜੇ ਤੁਸੀਂ ਅਮੀਰ ਬਣਨਾ ਹੈ ਤਾਂ ਥੋੜੇ ਮਹੀਨੇ ਨਸ਼ਿਆਂ ਦਾ ਵਪਾਰ ਕਰ ਲਓ, ਬੱਸ ਪੈਸਿਆਂ ਵਿੱਚ ਖੇਡੋਗੇ। ਤੁਹਾਨੂੰ ਇਹ ਵਪਾਰ ਬਹੁਤਾ ਚਿਰ ਕਰਨ ਦੀ ਲੋੜ ਨਹੀਂ। ਸਿਰਫ਼ ਕੁਝ ਕੁ ਮਹੀਨਿਆਂ ਵਿੱਚ ਹੀ ਕਰੋੜਪਤੀ ਬਣ ਜਾਓਗੇ। ਇਹ ਹੈ ਪੰਜਾਬ ਦੀ ਹਾਲਤ ਜਿਸ ਬਾਰੇ ਕਦੇ ਗਾਇਆ ਜਾਂਦਾ ਸੀ, ''ਸੋਹਣਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ" ਭਾਵੇ ਇਹ ਸਿਰਫ਼ ਸੂਬਾ ਹੀ ਸੀ, ਦੇਸ਼ ਨਹੀਂ। ਪਰ ਅੱਜ ਉਸੇ ਪੰਜਾਬ ਦਾ ਇਨ੍ਹਾਂ ਰਾਜਨੀਤਕਾਂ ਨੇ ਭੱਠਾ ਬਿਠਾ ਦਿੱਤਾ ਹੈ। ਕੋਈ ਧਿਆਨ ਨਹੀਂ ਦੇ ਰਿਹਾ। ਹਰ ਇਕ ਨੂੰ ਆਪਣਾ ਹੀ ਫ਼ਿਕਰ ਹੈ। ਕੀ ਬਣੂ ਇਨ੍ਹਾਂ ਨੌਜਵਾਨਾਂ ਦਾ ਜੋ ਦਿਨ ਰਾਤ ਨਸ਼ਿਆਂ ਵਿੱਚ ਗੜੁੱਚ ਸਭ ਕੁਝ ਭੁਲਾਈ ਬੈਠੇ ਹਨ? ਕੀ ਬਣੂ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਦਾ ਅਤੇ ਇਨ੍ਹਾਂ ਦੀਆਂ ਜ਼ਨਾਨੀਆਂ ਅਤੇ ਬੱਚਿਆਂ ਦਾ? ਕੀ ਬਣੂ ਪੰਜਾਬ ਦੇ ਭਵਿੱਖ ਦਾ? ਰੋਣਾ ਆਉਂਦਾ ਹੈ ਉਸ ਪੰਜਾਬ ਦੀ ਹਾਲਤ ਤੇ ਜਿਸ ਨੂੰ ਅਸੀਂ ਹਿੰਦੁਸਤਾਨ ਦਾ ਕੈਲੀਫੋਰਨੀਆ ਕਹਿੰਦੇ ਸੀ। ਇਸ ਵੇਲੇ ਪੰਜਾਬ ਦੀ ਹਾਲਤ ਉਸ ਇਨਸਾਨ ਵਰਗੀ ਹੈ ਜੋ ਕਦੇ ਅਖਾੜਿਆਂ ਵਿੱਚ ਘੋਲ ਘੁਲਦਾ ਕਿਸੇ ਤੋਂ ਮਾਰ ਨਹੀਂ ਸੀ ਖਾਂਦਾ, ਜੋ ਹਮੇਸ਼ਾ ਜੇਤੂ ਹੁੰਦਾ ਸੀ, ਜਿਸਦੀ ਧਾਕ ਹਰ ਪਾਸੇ ਸੀ, ਅਤੇ ਜੋ ਹੁਣ ਕਿਸੇ ਹਸਪਤਾਲ ਵਿੱਚ ਪਿਆ ਮਸ਼ੀਨਾਂ ਦੇ ਸਹਾਰੇ ਨਾਲ ਸਾਹ ਲੈ ਰਿਹਾ ਹੋਵੇ।

                      

ਪੰਜਾਬ ਵਿੱਚ ਇਸ ਵੇਲੇ ਰਿਸ਼ਵਤਖ਼ੋਰੀ ਅਤੇ ਭਰਿਸ਼ਟਾਚਾਰ ਦੀ ਬੱਲੇ ਬੱਲੇ ਹੈ। ਸਮਝੋ ਇਨ੍ਹਾਂ ਦੀ ਹੱਦ ਹੀ ਟੁੱਟ ਗਈ ਹੈ, ਕੋਈ ਸ਼ਰਮ ਤਾਂ ਰਹੀ ਹੀ ਨਹੀਂ। ਪੁਲੀਸ ਵਾਲੇ ਸ਼ੱਰੇ ਆਮ ਪੈਸੇ ਮੰਗਦੇ ਦੇਖੇ ਹਨ। ਸਰਕਾਰੀ ਮੁਲਾਜ਼ਮ ਪੈਸੇ ਲਏ ਬਗੈਰ ਤੁਹਾਡਾ ਕੰਮ ਕਰ ਕੇ ਰਾਜ਼ੀ ਨਹੀਂ, ਬਹੁਤ ਸਾਰੇ ਚੰਗੇ ਲੋਕ ਵੀ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਦੇਰ ਤੋਂ ਘਟਦੀ ਹੀ ਗਈ ਹੈ ਅਤੇ ਇਨ੍ਹਾਂ ਚੰਗੇ ਲੋਕਾਂ ਦੀ ਵਾਹ ਬਿਲਕੁਲ ਨਹੀਂ ਚਲਦੀ। ਵੈਸੇ ਤਾਂ ਇਹ ਦਸਤੂਰ ਪੰਜਾਬ ਵਿੱਚ ਬਹੁਤ ਦੇਰ ਤੋਂ ਚਲਿਆ ਆ ਰਿਹਾ ਪਰ ਹੁਣ ਤਾਂ ਪੈਸੇ ਦੇ ਕੇ ਖੁੱਲ੍ਹੇ ਆਮ ਨਿਆਂ ਖ਼ਰੀਦਿਆ ਜਾ ਸਕਦਾ ਹੈ। ਅਸਲ ਵਿੱਚ ਨਿਆਂ ਨਾਮ ਦੀ ਕੋਈ ਚੀਜ਼ ਪੰਜਾਬ ਵਿੱਚ ਰਹਿ ਹੀ ਨਹੀਂ ਗਈ।

      

ਗਰੀਬਾਂ ਦੀ ਜੋ ਹਾਲਤ ਪੰਜਾਬ ਵਿੱਚ ਹੋ ਰਹੀ ਹੈ ਉਸਨੂੰ ਦੇਖ ਕੇ ਤਰਸ ਅਤੇ ਰੋਣਾ ਆਉਂਦਾ ਹੈ। ਪੰਜਾਬ ਵਿੱਚ ਇੰਨੀ ਪਤਲੀ ਹਾਲਤ ਇਨ੍ਹਾਂ ਲੋਕਾਂ ਦੀ ਕਦੇ ਵੀ ਨਹੀਂ ਸੀ ਹੋਈ। ਉਨ੍ਹਾਂ ਨੂੰ ਖਾਣ ਨੂੰ ਰੋਟੀ ਅਤੇ ਪਹਿਨਣ ਲਈ ਕਪੜੇ ਨਹੀਂ ਨਸੀਬ ਹੁੰਦੇ। ਅੱਜ ਕੱਲ ਗਰੀਬਾਂ ਦੇ ਬੱਚਿਆਂ ਲਈ ਕੋਈ ਨੌਕਰੀਆਂ ਨਹੀਂ, ਕੋਈ ਕੰਮ ਨਹੀਂ। ਬਹੁਤ ਸਾਰੀਆਂ ਨੌਕਰੀਆਂ ਤਾਂ ਪੈਸੇ ਨਾਲ ਹੀ ਖ਼ਰੀਦੀਆਂ ਜਾਂਦੀਆਂ ਹਨ। ਅਤੇ ਪੈਸੇ ਕੌਣ ਦੇ ਸਕਦਾ ਹੈ? ਨਾਲੇ ਜੋ ਪੈਸੇ ਦੇ ਕੇ ਨੌਕਰੀ ਲਏਗਾ, ਉਹ ਬਾਦ ਵਿੱਚ ਪੈਸੇ ਬਨਾਉਣੇ ਵੀ ਚਾਹੇਗਾ। ਕੀ ਇਨ੍ਹਾਂ ਗੱਲਾਂ ਦੀ ਕੋਈ ਪੁੱਛ-ਗਿੱਛ ਹੈ? ਸਰਕਾਰਾਂ ਕਿਉਂ ਬਣਾਈਆਂ ਜਾਂਦੀਆਂ ਹਨ? ਲੀਡਰ ਕਿਉਂ ਚੁਣੇ ਜਾਂਦੇ ਹਨ? ਲੋਕਾਂ ਦੀ ਦੇਖ ਭਾਲ ਕਰਨ ਲਈ, ਉਨ੍ਹਾਂ ਨੂੰ ਇਨਸਾਫ਼ ਦੇਣ-ਦਿਵਾਉਣ ਲਈ, ਗਲਤ ਕੰਮਾਂ ਨੂੰ ਰੋਕਣ ਲਈ, ਅਤੇ ਲੋਕਾਂ ਦੀ ਭਲਾਈ ਬਾਰੇ ਸੋਚਣ ਲਈ। ਪਰ ਪੰਜਾਬ ਵਿੱਚ ਹੋ ਕੀ ਰਿਹਾ ਹੈ? ਦੱਸਣ ਦੀ ਕੋਈ ਲੋੜ ਹੀ ਨਹੀਂ। ਸਭ ਕੁਝ ਸਪਸ਼ਟ ਹੋ ਰਿਹਾ ਹੈ, ਲੁਕ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ। ਲੁਕ ਕੇ ਤਾਂ ਉਹੀ ਕਰੇਗਾ ਜਿਸਨੂੰ ਕੋਈ ਸ਼ਰਮ ਹੋਵੇਗੀ! ਹੁਣ ਤਾਂ ''ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ" ਵਾਲੀ ਗੱਲ ਹੈ। ਮੁਆਫ਼ ਕਰਨਾ, ਚੋਰ ਨੂੰ ਅਤੇ ਗੁੰਡੀ ਰੰਨ ਨੂੰ ਕੀ ਅਤੇ ਕਿਸ ਦੀ ਸ਼ਰਮ? ਵੈਸੇ ਪੰਜਾਬ ਵਿੱਚ ਗੁੰਡੀਆਂ ਰੰਨਾਂ ਤਾਂ ਬਹੁਤ ਘੱਟ ਹਨ ਪਰ ਚੋਰ ਉਚੱਕੇ ਆਦਮੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਅਤੇ ਇਹ ਗਿਣਤੀ ਰੋਜ਼ ਦਿਹਾੜੇ ਵਧਦੀ ਹੀ ਜਾ ਰਹੀ ਹੈ। ਔਰਤਾਂ  ਹਾਲੇ ਬਹੁਤ ਜ਼ਿਆਦਾ ਈਮਾਨਦਾਰ ਅਤੇ ਹਮਦਰਦੀ ਵਾਲੀਆਂ ਹਨ। ਇਸੇ ਲਈ ਮੈਂ ਕਹਿ ਰਿਹਾਂ ਕਿ ਪੰਜਾਬ ਨੂੰ ਇਕ ਸੁਘੜ ਸਿਆਣੀ ਔਰਤ ਲੀਡਰ ਦੀ ਲੋੜ ਹੈ ਜੋ ਇਸਦੀ ਠੀਕ ਅਗਵਾਈ ਕਰ ਸਕੇ। ਜੇ ਮੈਂ ਗਲਤ ਨਹੀਂ ਤਾਂ ਪੰਜਾਬ ਨੂੰ ਹੁਣ ਤੱਕ ਇਕੋ ਔਰਤ ਮੁੱਖ ਮੰਤਰੀ ਮਿਲੀ ਹੈ ਅਤੇ ਉਹ ਵੀ ਸਫ਼ਲ ਨਹੀਂ ਹੋ ਸਕੀ। ਕਿਸੇ ਚੰਗੀ ਸਿਆਣੀ ਔਰਤ ਨੂੰ ਅੱਗੇ ਆਉਣ ਦੀ ਲੋੜ ਹੈ।

                  

ਵੈਸੇ ਤਾਂ ਹਿੰਦੁਸਤਾਨ ਵਿੱਚ ਜਿੰਨੀਆਂ ਕੁ ਔਰਤਾਂ ਰਾਜਨੀਤੀ ਵਿੱਚ ਅੱਗੇ ਆਈਆਂ ਹਨ ਉਨ੍ਹਾਂ ਵਿੱਚੋਂ ਬਹੁਤੀਆਂ ਆਦਮੀਆਂ ਨਾਲੋਂ ਵੀ ਜ਼ਿਆਦਾ ਭਰਿਸ਼ਟਾਚਾਰ ਵਿੱਚ ਯਕੀਨ ਰੱਖਣ ਵਾਲੀਆਂ ਹੀ ਨਿਕਲੀਆਂ ਹਨ ਅਤੇ ਇਸ ਤਰ੍ਹਾਂ ਔਰਤਾਂ ਨੇ ਵੀ ਗ਼ਲਤ ਕੰਮ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। ਪਰ ਕਿਉਂਕਿ ਬਹੁਤ ਘੱਟ ਔਰਤਾਂ ਰਾਜਨੀਤੀ ਵਿੱਚ ਆਈਆਂ ਹਨ, ਖ਼ਾਸ ਕਰਕੇ ਪੰਜਾਬ ਵਿੱਚ, ਕਿਸੇ ਔਰਤ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣ ਦੀ ਖ਼ਾਹਸ਼ ਹੈ ਕਿ ਜੇ ਉਹ ਹੀ ਕੁਝ ਕਰ ਸਕੇ। ਅਮਰੀਕਾ ਵਿੱਚ ਰਾਜਨੀਤੀ ਵਿੱਚ ਵਿਚਰਨ ਵਾਲੇ ਕਾਫ਼ੀ ਆਦਮੀ (ਜਿਨ੍ਹਾਂ ਵਿੱਚ ਸਾਬਕਾ ਸੈਨੇਟਰ, ਗਵਰਨਰ, ਅਤੇ ਹੋਰ ਉੱਚੀਆਂ ਪਦਵੀਆਂ ਰੱਖਣ ਵਾਲੇ ਆਦਮੀ ਸ਼ਾਮਲ ਹਨ) ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ ਭਰਿਸ਼ਟਾਚਾਰ ਦੇ ਇਲਜ਼ਾਮ ਨਾਲ ਪਰ ਹਾਲੇ ਤੱਕ ਮੈਂ ਕਿਸੇ ਅਜਿਹੀ ਔਰਤ ਨੂੰ ਜੇਲ੍ਹ ਜਾਣ ਬਾਰੇ ਨਹੀਂ ਸੁਣਿਆ। ਇਸ ਤਰ੍ਹਾਂ ਅਮਰੀਕਾ ਵਿੱਚ ਆਦਮੀਆਂ ਦੇ ਮੁਕਾਬਲੇ ਤੇ ਔਰਤਾਂ ਬਹੁਤ ਹੀ ਜ਼ਿਆਦਾ ਈਮਾਨਦਾਰ ਹਨ। ਵੈਸੇ ਵੀ ਬਹੁਤੇ ਕਤਲ, ਚੋਰੀਆਂ, ਅਤੇ ਹੋਰ ਜੁਰਮ ਆਦਮੀ ਹੀ ਕਰਦੇ ਹਨ। ਇਸ ਲਈ ਇਹ ਆਸ ਹੈ ਕਿ ਜੇ ਕੋਈ ਔਰਤ ਪੰਜਾਬ ਦੀ ਰਾਜਨੀਤੀ ਵਿੱਚ ਅੱਗੇ ਆ ਕੇ ਕੁਝ ਕਰਨ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਪੰਜਾਬ ਦਾ ਕੁਝ ਸੁਧਾਰ ਹੋ ਸਕੇ।