ਆਪਣੇ ਤੋਂ ਨੀਵਿਆਂ ਨਾਲ ਵਰਤਾਉ
-ਬਰਜਿੰਦਰ ਕੌਰ ਢਿੱਲੋਂ
”Money is power and power is corrupt.” ਜਿਸਦੇ ਕੋਲ ਧਨ ਦੌਲਤ ਹੋ ਜਾਂਦੀ ਹੈ ਉਹ ਇਨਸਾਨ ਹਮੇਸ਼ਾ ਗਰੀਬਾਂ ਦੀ ਗਰੀਬੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦਾ ਹੈ। ਉਹ ਗਰੀਬ ਨੂੰ ਇਨਸਾਨ ਸਮਝਦਾ ਹੀ ਨਹੀਂ। ਹਿੰਦੁਸਤਾਨ ਵਿੱਚ ਗਰੀਬ ਤਾਂ ਅਮੀਰਾਂ ਨੂੰ ਜੀ ਜੀ ਕਰਦੇ ਰਹਿੰਦੇ ਹਨ ਪਰ ਅਮੀਰ ਲੋਕ ਉਨ੍ਹਾਂ ਨੂੰ ਦੁਰ ਦੁਰ ਕਰਦੇ ਹਨ। ਅਸੀਂ ਦਿੱਲੀ ਇਕ ਦੋਸਤ ਦੇ ਘਰ ਠਹਿਰੇ ਹੋਏ ਸੀ। ਇਕ ਦਿਨ ਦੋਸਤ ਦੀ ਬੀਵੀ ਨੌਕਰ ਨੂੰ, ਜਿਸਦੀ ਉਮਰ ਮਸਾਂ 14-15 ਸਾਲਾਂ ਦੀ ਹੋਵੇਗੀ, ਡਾਂਟ ਰਹੀ ਸੀ। ਉਸਨੇ ਉਸਦੇ ਮੂੰਹ ਤੇ ਦੋ ਥੱਪੜ ਵੀ ਮਾਰੇ। ਪੁੱਛਣ ਤੇ ਪਤਾ ਲੱਗਾ ਕਿ ਰਸੋਈ ਘਰ ਵਿੱਚੋਂ ਇਕ ਭਾਂਡੇ ਸੁਕਾਉਣ ਵਾਲਾ ਤੌਲੀਆ ਨਹੀਂ ਸੀ ਲੱਭ ਰਿਹਾ। ਨੌਕਰ ਨੇ ਕੁਝ ਨਹੀਂ ਕਿਹਾ, ਚੁਪ ਕਰਕੇ ਮਾਲਕਣ ਦੀਆਂ ਝਿੜਕਾਂ ਸੁਣਦਾ ਰਿਹਾ। ਮੈਨੂੰ ਬਹੁਤ ਬੁਰਾ ਲੱਗਾ। ਵਿੱਚੋਂ ਹੈ ਤਾਂ ਇਕ 15-20 ਰੁਪਏ ਦਾ ਤੌਲੀਆ ਹੀ ਸੀ ਨਾ। ਨੌਕਰ ਨੇ ਤੌਲੀਏ ਦਾ ਕੀ ਕਰਨਾ ਸੀ। ਹੋ ਸਕਦਾ ਕਿ ਹਵਾ ਨਾਲ ਉਡ ਕੇ ਇਧਰ ਉਧਰ ਡਿਗ ਪਿਆ ਹੋਵੇ। ਉਸ ਘੜੀ ਦੋਸਤ ਦੀ ਬੀਵੀ ਦੀ ਇੱਜ਼ਤ ਮੇਰੇ ਦਿਲ ਵਿੱਚੋਂ ਖ਼ਤਮ ਹੋ ਗਈ ਪਰ ਉਸ ਗਰੀਬ ਨੌਕਰ ਦੀ ਇੱਜ਼ਤ ਵਧ ਗਈ ਜਿਹੜਾ ਕਿ ਝਿੜਕਾਂ ਅਤੇ ਥੱਪੜ ਖਾ ਕੇ ਵੀ ਖਾਮੋਸ਼ ਸੀ। ਲੋਕ ਗਰੀਬ ਨੂੰ ਇਨਸਾਨ ਹੀ ਨਹੀਂ ਸਮਝਦੇ।
ਆਦਮੀ ਹਮੇਸ਼ਾ ਔਰਤ ਨੂੰ ਆਪਣੇ ਨਾਲੋਂ ਨੀਵਾਂ ਸਮਝਦਾ ਹੈ। ਜੇ ਆਦਮੀ ਔਰਤ ਸਾਹਮਣੇ ਉੱਚੀ ਬੋਲੇ ਤਾਂ ਇਹ ਉਸਦੀ ਆਦਤ ਹੈ ਪਰ ਜੇ ਔਰਤ ਉੱਚੀ ਬੋਲੇ ਤਾਂ ਇਹ ਬਦਤਮੀਜ਼ੀ ਹੈ। ਜੇ ਔਰਤ ਕਿਸੇ ਗੈਰ ਆਦਮੀ ਨਾਲ ਹੱਸ ਕੇ ਗੱਲ ਕਰੇ ਤਾਂ ਉਹ ਬਦ-ਅਖ਼ਲਾਕ ਸਮਝੀ ਜਾਂਦੀ ਹੈ ਪਰ ਜੇ ਆਦਮੀ ਬਾਹਰ ਖੇਹ ਖਾ ਕੇ ਆਵੇ ਤਾਂ ਇਹ ਉਸਦੀ ਮਰਦਾਨਗੀ ਹੈ। ਇਹ ਵਿਤਕਰਾ ਕਿਉਂ ਹੁੰਦਾ ਹੈ, ਇਸਦਾ ਜਵਾਬ ਕੋਈ ਨਹੀਂ ਕਿਉਂਕਿ ਆਦਮੀ ਕੋਲ ਹੀ ਫ਼ੈਸਲਾ ਕਰਨ ਦੀ ਤਾਕਤ ਹੁੰਦੀ ਹੈ।
ਸਾਡੇ ਸਿਆਸਤਦਾਨ ਵੀ ਤਾਂ ਇਸੇ ਬਿਮਾਰੀ ਦਾ ਸ਼ਿਕਾਰ ਹਨ। ਇਕ ਵਾਰੀ ਜਿਸਦੇ ਵੀ ਹੱਥ ਦੇਸ਼ ਦੀ ਵਾਗ ਡੋਰ ਆ ਜਾਵੇ, ਉਹ ਖ਼ੁਦਾ ਹੀ ਬਣ ਜਾਂਦਾ ਹੈ। ਸਿਆਸਤਦਾਨ ਬਣਦਿਆਂ ਹੀ ਲੋਕ ਕਰੋੜਾਂ ਦੇ ਮਾਲਕ ਬਣ ਜਾਂਦੇ ਹਨ। ਜੋ ਵੀ ਉਨ੍ਹਾਂ ਦੀ ਮੁਖ਼ਾਲਫ਼ਤ ਕਰਦਾ ਹੈ ਉਸਨੂੰ ਗੱਡੀ ਚੜ੍ਹਾ ਦਿੱਤਾ ਜਾਂਦਾ ਹੈ। ਗਰੀਬਾਂ ਦੀਆਂ ਵੋਟਾਂ ਖਰੀਦ ਕੇ ਉਹ ਚੋਣਾਂ ਜਿੱਤਦੇ ਹਨ। ਸਾਰੇ ਸਿਆਸਤਦਾਨ ਇਕੋ ਜਿਹੇ ਨਹੀਂ ਪਰ ਜੋ ਸਿਆਸਤਦਾਨ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ।
ਇਕ ਦਿਨ ਅਸੀਂ ਲਾਜਪਤ ਨਗਰ, ਦਿੱਲੀ, ਮਾਰਕੀਟ ਵਿੱਚ ਖ਼ਰੀਦੋ ਫ਼ਰੋਖ਼ਤ ਕਰਨ ਗਏ। ਇਕ 12 ਕੁ ਸਾਲਾਂ ਦਾ ਬੱਚਾ ਇਕ ਛਾਬੜੀ ਲਾ ਕੇ ਆਪਣੀਆਂ ਦਾਲ-ਫੁੱਲੀਆਂ, ਥੋੜ੍ਹੇ ਜਿਹੇ ਮੂੰਗਫਲੀ ਦੇ ਦਾਣੇ, ਅਤੇ ਕੁਝ ਨਮਕੀਨ ਸੇਵੀਆਂ ਵੇਚ ਰਿਹਾ ਸੀ। ਏਨੇ ਨੂੰ ਇਕ ਸਰਕਾਰੀ ਆਦਮੀ ਆਪਣੇ ਕੋਈ ਦਰਜਨ ਚਮਚਿਆਂ ਨਾਲ ਮਾਰਕੀਟ ਚੈੱਕ ਕਰਨ ਆ ਗਿਆ। ਉਸ ਅਫ਼ਸਰ ਨੇ ਬੱਚੇ ਦੀ ਛਾਬੜੀ ਨੂੰ ਇਕ ਜ਼ੋਰ ਦਾ ਠੁੱਡਾ ਮਾਰ ਕੇ ਉਸ ਬੱਚੇ ਦੀ ਛਾਬੜੀ ਦੂਰ ਵਗਾਹ ਮਾਰੀ। ਬੱਚਾ ਰੋਣ ਲੱਗ ਪਿਆ। ਜੇ ਉਹ ਬੱਚਾ ਚਾਰ ਪੈਸੇ ਕਮਾ ਰਿਹਾ ਸੀ ਤਾਂ ਇਸ ਵਿੱਚ ਕੀ ਹਰਜ ਸੀ। ਕੋਈ ਮਾੜਾ ਕੰਮ ਤਾਂ ਨਹੀਂ ਸੀ ਕਰ ਰਿਹਾ। ਪਰ ਕੀ ਕੀਤਾ ਜਾਵੇ? ਜਿਸ ਇਨਸਾਨ ਦੇ ਹੱਥ ਅਫ਼ਸਰੀ ਆ ਜਾਂਦੀ ਹੈ ਉਹ ਆਪਣੀ ਅਫ਼ਸਰੀ ਦਾ ਆਪਣੇ ਤੋਂ ਨੀਵਿਆਂ ਉੱਤੇ ਜ਼ਰੂਰ ਰੋਹਬ ਪਾਕੇ ਖੁਸ਼ ਹੁੰਦਾ ਹੈ।
ਜੰਗਲ ਵਿੱਚ ਸ਼ੇਰ ਰਾਜਾ ਹੈ ਕਿਉਂਕਿ ਉਸ ਕੋਲ ਤਾਕਤ ਹੈ। ਵਿਚਾਰੇ ਦੂਜੇ ਜਾਨਵਰ ਉਸਨੂੰ ਦੇਖ ਕੇ ਪਹਿਲਾਂ ਹੀ ਭੱਜ ਉੱਠਦੇ ਹਨ। ਜਦੋਂ ਵੀ ਉਸ ਕੋਲੋਂ ਕਮਜ਼ੋਰ ਜਾਨਵਰ ਕਾਬੂ ਆ ਜਾਵੇ ਤਾਂ ਉਹ ਜ਼ਿੰਦਾ ਨਹੀਂ ਰਹਿੰਦਾ।
ਕਬੀਰ ਜੀ ਦਾ ਹੇਠਲਾ ਸ਼ਬਦ ਇਸ ਸਚਾਈ ਨੂੰ ਸਪਸ਼ਟ ਕਰਦਾ ਹੈ ਕਿ ਕਿਸ ਤਰ੍ਹਾਂ ਅਮੀਰ ਗਰੀਬ ਨਾਲ ਅਤੇ ਗਰੀਬ ਅਮੀਰ ਨਾਲ ਸਲੂਕ ਕਰਦਾ ਹੈ। ਬੇਸ਼ੱਕ ਗਰੀਬ ਅਤੇ ਅਮੀਰ ਰੱਬ ਦੇ ਹੀ ਬਣਾਏ ਹੋਏ ਹਨ ਪਰ ਆਦਮੀ ਇਸ ਸਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦਾ। ਜੇ ਇਸ ਤੇ ਅਮਲ ਹੀ ਨਹੀਂ ਕਰਨਾ ਤਾਂ ਗੁਰਬਾਣੀ ਪੜ੍ਹਨ ਦਾ ਕੀ ਫ਼ਾਇਦਾ?
ਭੈਰਉ ਕਬੀਰ ਜੀ
ਨਿਰਧਨ ਆਦਰੁ ਕੋਈ ਨ ਦੇਇ
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥ ਰਹਾਉ॥
ਜਉ ਨਿਰਧਨੁ ਸਰਧਨ ਕੈ ਜਾਇ॥
ਆਗੇ ਬੈਠਾ ਪੀਠਿ ਫਿਰਾਇ॥
ਜਉ ਸਰਧਨੁ ਨਿਰਧਨ ਕੈ ਜਾਇ॥
ਦੀਆ ਆਦਰੁ ਲੀਆ ਬੁਲਾਇ॥
ਨਿਰਧਨੁ ਸਰਧਨੁ ਦੋਨਉ ਭਾਈ॥
ਪ੍ਰਭ ਕੀ ਕਲਾ ਨ ਮੇਟੀ ਜਾਈ॥
ਕਹਿ ਕਬੀਰ ਨਿਰਧਨੁ ਹੈ ਸੋਈ॥
ਜਾ ਕੇ ਹਿਰਦੈ ਨਾਮੁ ਨ ਹੋਈ॥
ਮੈਂ ਜਦੋਂ ਵੀ ਕਨੇਡਾ ਤੋਂ ਅਮਰੀਕਾ ਜਾਣ ਲਈ ਅਮਰੀਕਨ ਬਾਰਡਰ ਪਾਰ ਕਰਨਾ ਹੁੰਦਾ ਹੈ ਤਾਂ ਮੇਰੇ ਕੋਲੋਂ ਬਹੁਤ ਸਾਰੇ ਸੁਆਲ ਪੁੱਛੇ ਜਾਂਦੇ ਹਨ, ਕਿਉਂਕਿ ਮੇਰੇ ਪਾਸਪੋਰਟ ਤੇ ਮੇਰਾ ਜਨਮ ਲਾਇਲਪੁਰ, ਪਾਕਿਸਤਾਨ, ਲਿਖਿਆ ਹੋਇਆ ਹੈ। ਪਾਕਿਸਤਾਨ ਦਾ ਨਾਂ ਪੜ੍ਹਦਿਆਂ ਹੀ ਉਹ ਅਫਸਰ ਮੈਨੂੰ ਮੁਸਲਿਮ ਸਮਝ ਕੇ ਸੁਆਲ ਪੁੱਛਦੇ ਹਨ। ਇਸ ਵਿੱਚ ਸਾਡੀ ਸੁਰੱਖਿਆ ਹੈ, ਗੁੱਸਾ ਕਰਨ ਦੀ ਕੋਈ ਗੱਲ ਨਹੀਂ। ਹੁਣੇ ਹੁਣੇ ਐਕਟਰ ਸ਼ਾਹਰੁਖ ਤੋਂ ਨਿਊਵਾਰਕ (Newark), ਅਮਰੀਕਾ, ਦੇ ਏਅਰਪੋਰਟ ਤੇ ਸਵਾਲ ਪੁੱਛੇ ਗਏ ਤਾਂ ਇਹ ਇਕ ਵੱਡਾ ਮੁੱਦਾ ਬਣ ਗਿਆ। ਪਰ ਕਿਉਂ? ਸ਼ਾਹਰੁਖ ਵੱਡਾ ਆਦਮੀ ਹੈ ਕਿਉਂਕਿ ਉਹ ਇਕ ਕਲਾਕਾਰ ਹੈ ਅਤੇ ਬਹੁਤ ਅਮੀਰ ਹੈ। ਉਸਦੀ ਅਮੀਰੀ ਨਾਲ ਆਮ ਆਦਮੀ ਨੂੰ ਕੀ। ਉਸਨੇ ਕਿਹੜਾ ਕਿਸੇ ਨੂੰ ਆਪਣਾ ਪੈਸਾ ਦੇ ਦੇਣਾ ਹੈ। ਕਾਨੂੰਨ ਹਰ ਇਕ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ, ਇਹ ਨਹੀਂ ਕਿ ਅਮੀਰ ਲਈ ਹੋਰ ਤੇ ਗਰੀਬ ਲਈ ਹੋਰ। ਇਹ ਹਿੰਦੁਸਤਾਨ ਵਿੱਚ ਮੁਮਕਿਨ ਹੈ ਪਰ ਅਮਰੀਕਾ ਵਿੱਚ ਨਹੀਂ।
ਬਿੱਲ ਗੇਟਸ ਬਹੁਤ ਅਮੀਰ ਆਦਮੀ ਹੈ। ਉਹ ਇਕ ਵਾਰੀ ਇਕੱਲਾ ਹੀ ਆਪਣੀ ਕਾਰ ਵਿੱਚ ਜਾ ਰਿਹਾ ਸੀ। ਉਸਦੀ ਕਾਰ ਦਾ ਪਹੀਆ ਪੈਂਚਰ ਹੋ ਗਿਆ। ਉਸਨੇ ਪਹੀਆ ਬਦਲਣਾ ਚਾਹਿਆ ਪਰ ਬਦਲ ਨਾ ਸਕਿਆ। ਇੰਨੇ ਨੂੰ ਇਕ ਟੈਕਸੀ ਡਰਾਈਵਰ ਆ ਗਿਆ। ਉਹ ਬਿੱਲ ਗੇਟਸ ਨੂੰ ਜਾਣਦਾ ਨਹੀਂ ਸੀ, ਪਰ ਇਕ ਇਨਸਾਨੀਅਤ ਦੀ ਨੀਅਤ ਨਾਲ ਉਸਨੇ ਆਪਣੀ ਟੈਕਸੀ ਖੜੀ ਕੀਤੀ ਤੇ ਪਹੀਆ ਬਦਲਣ ਵਿੱਚ ਕਾਮਯਾਬ ਹੋ ਗਿਆ। ਬਿੱਲ ਗੇਟਸ ਖੁਸ਼ ਹੋ ਗਿਆ, ਉਸਨੇ ਡਰਾਈਵਰ ਨੂੰ ਕੁਝ ਪੈਸੇ ਦੇਣੇ ਚਾਹੇ ਪਰ ਉਸਨੇ ਨਾ ਲਏ। ਗੱਲਾਂ ਗੱਲਾਂ ਵਿੱਚ ਬਿੱਲ ਗੇਟਸ ਨੇ ਜਾਣ ਲਿਆ ਕਿ ਉਹ ਇਕ ਗਰੀਬ ਟੈਕਸੀ ਡਰਾਈਵਰ ਹੈ, ਮਿਹਨਤ ਕਰਦਾ ਹੈ, ਘਰ ਦੇ ਕਰਜ਼ੇ ਦੀਆਂ ਕਿਸ਼ਤਾਂ ਵੀ ਦਿੰਦਾ ਹੈ ਅਤੇ ਟੱਬਰ ਵੀ ਪਾਲਦਾ ਹੈ। ਘਰ ਦਾ ਪਤਾ ਲੈ ਕੇ ਉਸਨੇ ਡਰਾਈਵਰ ਦਾ ਸ਼ੁਕਰੀਆ ਕੀਤਾ ਅਤੇ ਚਲਾ ਗਿਆ। ਥੋੜ੍ਹੇ ਦਿਨਾਂ ਪਿੱਛੋਂ ਡਰਾਈਵਰ ਨੇ ਦੇਖਿਆ ਕਿ ਕੋਈ ਉਸਦੇ ਘਰ ਦਾ ਸਾਰਾ ਕਰਜ਼ਾ ਦੇ ਗਿਆ ਹੈ। ਦੁਨੀਆਂ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਆਪਣੇ ਤੋਂ ਨੀਵਿਆਂ ਨਾਲ ਚੰਗਾ ਵਰਤਾਉ ਕਰਦੇ ਹਨ।
|