ਚਾਚੀ ਦੇ ਤੁਰ ਜਾਣ ਤੇ
-ਪ੍ਰੇਮ ਮਾਨ
ਮੇਰੀ ਚਾਚੀ 26 ਜੂਨ, 2011 ਨੂੰ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਣਦੇਖੇ ਅਤੇ ਅਨਜਾਣੇ ਸਥਾਨ ਨੂੰ ਤੁਰ ਗਈ। ਚਾਚੀ ਦੇ ਤੁਰ ਜਾਣ ਦਾ ਮੈਨੂੰ ਥੋੜ੍ਹਾ ਦੁੱਖ ਤਾਂ ਜ਼ਰੂਰ ਹੋਇਆ ਜਿਵੇਂ ਕਿਸੇ ਵੀ ਇਨਸਾਨ ਦੇ ਇਸ ਦੁਨੀਆ ਨੂੰ ਅਲਵਿਦਾ ਆਖਣ ਤੇ ਕਿਸੇ ਨੂੰ ਵੀ ਹੁੰਦਾ ਹੈ ਪਰ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਚਾਚੀ ਦੇ ਤੁਰ ਜਾਣ ਤੇ ਹੋਣਾ ਚਾਹੀਦਾ ਸੀ। ਇਸ ਦੇ ਪਿੱਛੇ ਕਈ ਕਾਰਨ ਹਨ।
ਮੈਂ ਆਪਣੇ ਚਾਚੇ ਤੋਂ ਸਿਰਫ਼ ਨੌਂ ਸਾਲ ਛੋਟਾ ਸੀ। ਇੰਜ ਲਗਦਾ ਸੀ ਜਿਵੇਂ ਮੈਂ ਅਤੇ ਚਾਚਾ ਇਕੱਠੇ ਹੀ ਪਲ਼ੇ ਹੋਈਏ। ਦੋਹਾਂ ਦਾ ਘਰ ਵਿੱਚ ਇਕੱਠੇ ਹੀ ਰਹਿਣਾ ਅਤੇ ਸਕੂਲ ਤੋਂ ਬਾਦ ਮੇਰਾ ਖੇਤਾਂ ਵਿੱਚ ਚਾਚੇ ਅਤੇ ਪਿਉ ਨਾਲ ਥੋੜ੍ਹਾ ਬਹੁਤ ਹੱਥ ਵਟਾਉਣਾ ਆਦਿ ਇੰਜ ਸੀ ਜਿਵੇਂ ਅਸੀਂ ਦੋਵੇਂ ਭਰਾ ਹੋਈਏ। ਮੈਨੂੰ ਹਾਲੇ ਕੱਲ੍ਹ ਦੀ ਗੱਲ ਵਾਂਗ ਯਾਦ ਹੈ ਜਦੋਂ ਚਾਚੇ ਦਾ ਵਿਆਹ ਹੋਇਆ ਸੀ। ਮੈਂ ਉਦੋਂ 10-11 ਸਾਲ ਦਾ ਸੀ। ਜੰਜ ਬਲਦਾਂ ਦੀਆਂ ਵੀਹ-ਪੰਝੀ ਗੱਡੀਆਂ ਤੇ ਗਈ ਸੀ। ਦੋਹਾਂ ਪਿੰਡਾਂ ਦਾ ਫ਼ਾਸਲਾ ਸਿਰਫ਼ ਤਿੰਨ-ਚਾਰ ਮੀਲ ਹੀ ਹੋਵੇਗਾ। ਕੱਚੇ ਰਾਹਾਂ ਵਿੱਚੋਂ ਲੰਘਦੀਆਂ ਗੱਡੀਆਂ ਧੂੜ ਦੇ ਬੱਦਲ ਬਣਾ ਬਣਾ ਕੇ ਨੱਠੀਆਂ ਜਾ ਰਹੀਆਂ ਸਨ। ਜੰਜ ਤੀਜੇ ਦਿਨ ਵਾਪਸ ਆਈ ਸੀ। ਦਾਜ ਵੀ ਖ਼ੂਬ ਦਿੱਤਾ ਗਿਆ ਸੀ। ਮੇਰੇ ਬਾਬੇ ਨੇ ਮੇਰੀ ਚਾਚੀ ਲਈ ਜੋ ਗਹਿਣੇ ਬਣਾਏ ਸਨ ਉਹ ਮੇਰੀ ਮਾਂ ਦੇ ਗਹਿਣੇ ਲੈ ਕੇ ਬਣਾਏ ਸਨ ਇਸ ਵਾਅਦੇ ਤੇ ਕਿ ਇਹ ਸੋਨਾ ਮੇਰੀ ਮਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਪਰ ਚਾਚੀ ਨੇ ਉਹ ਸੋਨਾ ਮੇਰੀ ਮਾਂ ਨੂੰ ਵਾਪਸ ਕਰਨ ਤੋਂ ਹਮੇਸ਼ਾ ਲਈ ਨਾਂ ਕਰ ਦਿੱਤੀ ਸੀ। ਸੋਨੇ ਨੂੰ ਦੇਖ ਕੇ ਉਸ ਦਾ ਮਨ ਬੇਈਮਾਨ ਹੋ ਗਿਆ ਸੀ। ਇਸ ਤਰ੍ਹਾਂ ਮੇਰੀ ਮਾਂ ਲਗਭਗ 20 ਤੋਲੇ ਸੋਨੇ ਤੋਂ ਹੱਥ ਧੋ ਬੈਠੀ ਸੀ।
ਚਾਚੀ ਨੇ ਆਉਂਦਿਆਂ ਹੀ ਘਰ ਨੂੰ ਆਪਣੇ ਕੰਟਰੋਲ ਵਿੱਚ ਲੈਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਚਾਚਾ ਸਾਊ ਸੀ ਅਤੇ ਘਰਵਾਲੀ ਅੱਗੇ ਉਸ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਚਾਚੀ ਦੀਆਂ ਚੁਸਤੀਆਂ-ਚਲਾਕੀਆਂ ਨੇ ਉਸ ਨੂੰ ਕੁਝ ਹੀ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਫਿਰ ਹੌਲੀ ਹੌਲੀ ਚਾਚੀ ਨੇ ਮੇਰੇ ਬਾਬੇ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਚਾਚੀ ਲਈ ਹੁਣ ਅਗਲਾ ਕੰਮ ਮੇਰੇ ਪਿਉ ਅਤੇ ਚਾਚੇ ਵਿੱਚ ਅਤੇ ਮੇਰੇ ਪਿਉ ਅਤੇ ਬਾਬੇ ਵਿੱਚ ਲੜਾਈ ਪਾਉਣਾ ਸੀ ਜਿਸ ਤੇ ਉਸ ਨੇ ਪੈਂਦੀ ਸੱਟੇ ਹੀ ਕੰਮ ਸ਼ੁਰੂ ਕਰ ਦਿੱਤਾ। ਥੋੜ੍ਹੇ ਮਹੀਨਿਆਂ ਵਿੱਚ ਹੀ ਚਾਚੀ ਨੇ ਇਸ ਕੰਮ ਵਿੱਚ ਕਾਫ਼ੀ ਸਫਲਤਾ ਪ੍ਰਾਪਤ ਕਰ ਲਈ। ਮੇਰੇ ਪਿਉ ਨੂੰ ਬਹੁਤ ਥੋੜ੍ਹੀ ਅਤੇ ਮਾੜੀ ਤੋਂ ਮਾੜੀ ਜ਼ਮੀਨ ਦੇ ਕੇ ਜੁਦਾ ਕਰ ਦਿੱਤਾ ਗਿਆ। ਚਾਚੀ ਨੇ ਪਿਉ ਪੁੱਤਰ ਅਤੇ ਭਰਾਵਾਂ ਵਿੱਚ ਦਰਾੜ ਪਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਇਕ ਦੂਜੇ ਤੋਂ ਬਹੁਤ ਦੂਰ ਕਰ ਦਿੱਤਾ ਸੀ। ਮੇਰੇ ਪਿਉ ਨਾਲ ਹੁਣ ਚਾਚੇ ਅਤੇ ਬਾਬੇ ਦੀ ਬੋਲ-ਚਾਲ ਬਿਲਕੁਲ ਨਹੀਂ ਸੀ ਰਹੀ। ਇਸ ਤੋਂ ਬਾਦ ਇਨ੍ਹਾਂ ਵਿੱਚ ਬੋਲ-ਚਾਲ ਬਹੁਤ ਸਾਲਾਂ ਬਾਦ ਸਿਰਫ਼ ਤਿੰਨ-ਚਾਰ ਸਾਲਾਂ ਲਈ ਹੋਈ ਸੀ। ਅਸਲ ਵਿੱਚ ਚਾਚੇ ਦੇ ਵਿਆਹ ਤੋਂ ਪਹਿਲਾਂ ਬਾਬੇ ਨੇ ਚਾਚੇ ਦਾ ਰਿਸ਼ਤਾ ਤੋੜਨਾ ਚਾਹਿਆ ਸੀ ਕਿਉਂਕਿ ਉਸ ਨੇ ਸੁਣਿਆ ਸੀ ਕਿ ਲੜਕੀ ਬਹੁਤ ਹੀ ਚੁਸਤ-ਚਲਾਕ ਹੈ ਪਰ ਮੇਰੇ ਪਿਉ ਨੇ ਇਹ ਰਿਸ਼ਤਾ ਤੋੜਨ ਨਾ ਦਿੱਤਾ ਅਤੇ ਉਸ ਨੇ ਆਪਣੇ ਪਿਉ ਨੂੰ ਆਖਿਆ ਕਿ ਇਕ ਵਾਰੀ ਜ਼ੁਬਾਨ ਦੇ ਕੇ ਵਾਪਸ ਨਹੀਂ ਲੈਣੀ ਚਾਹੀਦੀ। ਅਤੇ ਇਸ ਕਾਰਜ ਦਾ ਮੇਰੇ ਪਿਉ ਨੂੰ ਸਾਰੀ ਉਮਰ ਬਹੁਤ ਵੱਡਾ ਮੁੱਲ ਤਾਰਨਾ ਪਿਆ।
ਚਾਚੀ ਨੇ ਜਿੱਥੇ ਤੱਕ ਵੀ ਉਸ ਦੀ ਵਾਹ ਚੱਲੀ ਆਪਣੀ ਜ਼ਿੰਦਗੀ ਵਿੱਚ ਰਿਸ਼ਤੇਦਾਰਾਂ ਨੂੰ, ਭਰਾਵਾਂ-ਭੈਣਾਂ ਨੂੰ, ਮਾਂ-ਪਿਉ ਅਤੇ ਬੱਚਿਆਂ ਨੂੰ ਇਕ ਦੂਜੇ ਤੋਂ ਤੋੜਨ ਦਾ ਹੀ ਯਤਨ ਕੀਤਾ, ਜੋੜਨ ਦਾ ਨਹੀਂ। ਉਸ ਵਿੱਚ ਈਰਖਾ ਰੱਜ ਕੇ ਭਰੀ ਹੋਈ ਸੀ। ਉਹ ਕਿਸੇ ਦਾ ਵੀ ਕੰਮ ਬਣਦਾ ਦੇਖ ਕੇ ਖ਼ੁਸ਼ ਨਹੀਂ ਸੀ ਹੁੰਦੀ। ਕਿਸੇ ਨੂੰ ਜ਼ਿੰਦਗੀ ਵਿੱਚ ਸਫਲ ਹੁੰਦਿਆਂ ਦੇਖ ਕੇ ਉਸ ਨੂੰ ਪਿੱਸੂ ਪੈ ਜਾਂਦੇ ਸਨ। ਹਰ ਉੱਪਰ ਚੜ੍ਹਦੇ ਇਨਸਾਨ ਨੂੰ ਹੇਠਾਂ ਸੁੱਟਣ ਦਾ ਉਹ ਹਰ ਯਤਨ ਕਰਦੀ ਸੀ। ਜੋਤਸ਼ੀਆਂ ਬਗੈਰਾ ਦੇ ਗੇੜੇ ਮਾਰਨੇ ਉਸ ਦਾ ਰੋਜ਼ ਦਾ ਕੰਮ ਸੀ। ਹਰ ਤਰ੍ਹਾਂ ਦੇ ਟੂਣੇ-ਜਾਦੂ ਕਰਨ ਕਰਾਉਣ ਵਿੱਚ ਉਹ ਮਾਹਿਰ ਸੀ। ਜਿਸ ਘਰ ਵਿੱਚ ਵੀ ਵਾਹ ਚੱਲਦੀ ਉਹ ਫੁੱਟ ਪਾਉਣ ਦੀ ਹਰ ਕੋਸ਼ਿਸ਼ ਕਰਦੀ। ਉਸ ਨੇ ਜ਼ਿੰਦਗੀ ਵਿੱਚ ਕਦੇ ਵੀ ਦੋ ਇਨਸਾਨਾਂ ਨੂੰ ਜੋੜਨ ਦਾ ਚੰਗਾ ਕੰਮ ਨਹੀਂ ਸੀ ਕੀਤਾ ਪਰ ਪਿਆਰ ਨਾਲ ਰਹਿੰਦੇ ਇਨਸਾਨਾਂ ਨੂੰ ਤੋੜਨ ਵਿੱਚ ਉਸ ਨੇ ਕਦੇ ਵੀ ਢਿੱਲ ਜਾਂ ਕੁਤਾਹੀ ਨਹੀਂ ਸੀ ਵਰਤੀ। ਇਹੋ ਜਿਹੇ ਮਾੜੇ ਕੰਮ ਕਰਨ ਵਿੱਚ ਉਹ ਬਹੁਤ ਨਿਪੁੰਨ ਤੇ ਮਾਹਿਰ ਸੀ। ਪਤਾ ਨਹੀਂ ਕਿਉਂ ਉਸ ਨੂੰ ਮਾੜੇ ਕੰਮ ਕਰਨ ਵਿੱਚੋਂ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਸੀ।
ਬਹੁਤ ਸਾਲ ਪਹਿਲਾਂ ਜਦੋਂ ਮੈਂ ਐਮ.ਏ. ਕਰ ਕੇ ਪੜ੍ਹਾਉਣ ਦੇ ਕਿੱਤੇ ਵਿੱਚ ਲੱਗਾ ਹੀ ਸੀ ਤਾਂ ਇਸੇ ਚਾਚੀ ਨੇ ਮੇਰੇ ਵਿਰੁੱਧ ਪੁਲਿਸ ਨੂੰ ਪੈਸੇ ਦੇ ਕੇ ਝੂਠਾ ਲੜਾਈ ਦਾ ਕੇਸ ਪਾ ਕੇ ਮੇਰੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਸਾਰਾ ਪਿੰਡ ਮੇਰੇ ਹੱਕ ਵਿੱਚ ਖੜ੍ਹਾ ਹੋ ਗਿਆ ਤਾਂ ਚਾਚੀ ਨੂੰ ਇਹ ਕੇਸ ਵਾਪਸ ਲੈ ਕੇ ਥੁੱਕ ਕੇ ਚੱਟਣਾ ਪਿਆ।
ਮੇਰਾ ਬਾਬਾ ਉਨ੍ਹਾਂ ਦਿਨਾਂ ਵਿੱਚ ਲੱਖ-ਪਤੀ ਸੀ। 1976 ਵਿੱਚ ਬਾਬਾ ਥੋੜ੍ਹਾ ਜਿਹਾ ਬਿਮਾਰ ਹੋਇਆ ਅਤੇ ਸਦਾ ਲਈ ਵਿਛੋੜਾ ਦੇ ਗਿਆ। ਕੁਝ ਦੇਰ ਬਾਦ ਪਤਾ ਲੱਗਾ ਕਿ ਚਾਚੀ ਨੇ ਇਕ ਵਾਕਫ਼ ਡਾਕਟਰ ਨੂੰ ਬਹੁਤ ਸਾਰੇ ਪੈਸੇ ਦੇ ਕੇ ਇਲਾਜ ਕਰਨ ਦੇ ਬਹਾਨੇ ਮੇਰੇ ਬਾਬੇ ਦੇ ਜ਼ਹਿਰ ਦਾ ਟੀਕਾ ਲਗਵਾ ਦਿੱਤਾ ਸੀ ਅਤੇ ਇਸ ਤਰ੍ਹਾਂ ਉਸ ਦੇ ਸਾਰੇ ਪੈਸੇ ਕਾਬੂ ਕਰ ਲਏ ਸਨ। ਮਰਨ ਤੋਂ ਪਹਿਲਾਂ ਉਸ ਡਾਕਟਰ ਨੇ ਕੁਝ ਦੋਸਤਾਂ ਕੋਲ ਇਸ ਜੁਰਮ ਦਾ ਇਕਬਾਲ ਅਤੇ ਪਸ਼ਚਾਤਾਪ ਕੀਤਾ ਸੀ।
ਮੇਰੇ ਪਿਉ ਦੀ ਇਕ ਚਾਚੀ ਸੀ ਜਿਸ ਦਾ ਪਤੀ ਜਵਾਨੀ ਉਮਰੇ ਮਰ ਗਿਆ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ। ਜਦੋਂ ਉਹ ਪੂਰੀ ਹੋਈ ਤਾਂ ਮੇਰੀ ਚਾਚੀ ਨੇ ਉਸ ਦੀ ਸਾਰੀ ਜ਼ਮੀਨ-ਜਾਇਦਾਦ ਹੜੱਪ ਕਰ ਲਈ ਸੀ।
ਇਸ ਤਰ੍ਹਾਂ ਸਾਰੀ ਉਮਰ ਹੀ ਚਾਚੀ ਨੇ ਸਭ ਨਾਲ ਈਰਖਾ ਕੀਤੀ, ਲੜਾਈਆਂ ਪਾਈਆਂ, ਜੁਦਾਈਆਂ ਪਾਈਆਂ, ਰਿਸ਼ਤਿਆਂ ਵਿੱਚ ਤਰੇੜਾਂ ਪਾਈਆਂ, ਰਿਸ਼ਤੇ ਤੋੜਨ ਦੀ ਹਰ ਕੋਸ਼ਿਸ਼ ਕੀਤੀ, ਹੇਰਾ ਫੇਰੀਆਂ ਦੀ ਜ਼ਿੰਦਗੀ ਗੁਜ਼ਾਰੀ, ਦੂਜਿਆਂ ਦੀਆਂ ਜਾਇਦਾਦਾਂ ਨੂੰ ਹੜੱਪ ਕੀਤਾ, ਪਰ ਇਸ ਦੁਨੀਆ ਤੋਂ ਜਾਣ ਲੱਗਿਆਂ ਪਲ ਵੀ ਨਾ ਲੱਗਾ। ਉਸ ਦੀ ਜਾਇਦਾਦ ਜਾਂ ਹੇਰਾ-ਫੇਰੀਆਂ ਉਸ ਨੂੰ ਮੌਤ ਤੋਂ ਨਾ ਬਚਾ ਸਕੀਆਂ। ਕਾਸ਼ ਉਸ ਨੂੰ ਜਿਉਂਦੇ ਜੀਅ ਮਹਿਸੂਸ ਹੋ ਜਾਂਦਾ ਕਿ ਉਸ ਦੀ ਈਰਖਾ, ਮਾੜੇ ਕੰਮਾਂ, ਅਤੇ ਹੇਰਾ ਫੇਰੀਆਂ ਨੇ ਉਸ ਦੇ ਕਿਸੇ ਕੰਮ ਨਹੀਂ ਆਉਣਾ ਅਤੇ ਇਨ੍ਹਾਂ ਨੇ ਉਸ ਨੂੰ ਮੌਤ ਤੋਂ ਨਹੀਂ ਬਚਾ ਸਕਣਾ।
ਚਾਚੀ ਦੀ ਮੌਤ ਤੇ ਬਹੁਤ ਹੀ ਘੱਟ ਲੋਕਾਂ ਨੇ ਹੰਝੂ ਕੇਰੇ। ਬਹੁਤੇ ਲੋਕਾਂ ਨੇ ਤਾਂ ਸ਼ੁਕਰ ਕੀਤਾ ਕਿ ਇਹੋ ਜਿਹੇ ਇਨਸਾਨ ਤੋਂ ਛੁਟਕਾਰਾ ਹੋਇਆ। ਚਾਚੀ ਦੇ ਪਿਛਲੇ 15-20 ਸਾਲ ਕਾਫ਼ੀ ਮੁਸ਼ਕਲਾਂ ਵਾਲੇ ਲੰਘੇ ਜਿਨ੍ਹਾਂ ਦੌਰਾਨ ਉਸ ਨੇ ਬਿਮਾਰੀਆਂ ਦਾ ਦੁੱਖ ਝੱਲਿਆ, ਬੱਚਿਆਂ ਦੇ ਦੁੱਖ ਝੱਲੇ, ਆਪਣੇ ਪਤੀ ਦੀ ਅਧਖੜ ਉਮਰੇ ਹੀ ਮੌਤ ਦਾ ਦੁੱਖ ਝੱਲਿਆ, ਅਤੇ ਆਪਣੇ ਸਿਰ ਬੇਹੱਦ ਕਰਜ਼ੇ ਦਾ ਬੋਝ ਝੱਲਿਆ। ਉਸ ਨੂੰ ਆਪਣੇ ਪਾਪਾਂ ਦੀ ਸਜ਼ਾ ਇਸੇ ਉਮਰ ਵਿੱਚ ਮਿਲ ਗਈ ਲਗਦੀ ਸੀ।
ਚਾਚੀ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਕੋਈ ਹੰਝੂ ਨਾ ਕੇਰੇ ਪਰ ਮੈਂ ਕਈ ਦਿਨ ਇਨ੍ਹਾਂ ਸੋਚਾਂ-ਵਿਚਾਰਾਂ ਵਿੱਚ ਹੀ ਰਿਹਾ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਅਸੀਂ ਇਕ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੈ ਅਤੇ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ, ਅਸੀਂ ਮਾੜੇ ਕੰਮ ਕਿਉਂ ਕਰਦੇ ਹਾਂ ਅਤੇ ਦੂਜਿਆਂ ਨੂੰ ਦੁਖੀ ਅਤੇ ਜ਼ਲੀਲ ਕਰਨ ਵਿੱਚ ਆਪ ਖ਼ੁਸ਼ੀ ਕਿਉਂ ਮਹਿਸੂਸ ਕਰਦੇ ਹਾਂ। ਜੇ ਮੇਰੀ ਚਾਚੀ ਬਦਨੀਤ, ਮਨਹੂਸ, ਦੁਸ਼ਟ ਅਤੇ ਸ਼ੈਤਾਨ ਨਾ ਹੁੰਦੀ, ਅਤੇ ਚੰਗੇ ਕੰਮ ਕਰਨ ਵਲ ਧਿਆਨ ਦਿੰਦੀ ਤਾਂ ਆਪਣੀ ਚਾਚੀ ਦੀ ਮੌਤ ਤੇ ਮੈਂ ਜ਼ਰੂਰ ਹੰਝੂ ਕੇਰਦਾ। ਪਤਾ ਨਹੀਂ ਅਸੀਂ ਝੂਠ ਕਿਉਂ ਬੋਲਦੇ ਹਾਂ, ਬੇਈਮਾਨੀਆਂ ਵਿੱਚ ਕਿਉਂ ਵਿਸ਼ਵਾਸ ਰੱਖਦੇ ਹਾਂ, ਲੋਕਾਂ ਦੇ ਰਿਸ਼ਤਿਆਂ ਵਿੱਚ ਤਰੇੜਾਂ ਕਿਉਂ ਪਾਉਂਦੇ ਹਾਂ, ਪਿਆਰ ਦੀ ਥਾਂ ਨਫ਼ਰਤ ਕਿਉਂ ਫੈਲਾਉਂਦੇ ਹਾਂ, ਅਤੇ ਫਿਰ ਆਪਣੇ ਆਪ ਨੂੰ ਬਹੁਤ ਧਾਰਮਿਕ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਸੱਚ ਨਹੀਂ ਬੋਲ ਸਕਦੇ, ਇਮਾਨਦਾਰੀ ਦੀ ਜ਼ਿੰਦਗੀ ਨਹੀਂ ਬਿਤਾ ਸਕਦੇ, ਦੁਸ਼ਟਤਾ ਅਤੇ ਸ਼ੈਤਾਨੀਆਂ ਤੋਂ ਦੂਰ ਨਹੀਂ ਰਹਿ ਸਕਦੇ, ਨਫ਼ਰਤ ਅਤੇ ਈਰਖਾ ਨੂੰ ਨਹੀਂ ਤਿਆਗ ਸਕਦੇ, ਹਉਮੈ ਤੋਂ ਛੁਟਕਾਰਾ ਨਹੀਂ ਪਾ ਸਕਦੇ ਤਾਂ ਗੁਰਦਵਾਰਿਆਂ, ਮੰਦਰਾਂ ਅਤੇ ਮਸੀਤਾਂ ਵਿੱਚ ਜਾਣ ਦਾ ਕੀ ਫ਼ਾਇਦਾ ਹੈ?
|