ਜੂਨ 2009:  ਇਨਸਾਨ ਅਤੇ ਇਨਸਾਨੀਅਤ

            

                                                   

 

        

ਇਸ ਪੰਨੇ ਤੇ ਛਪੇ ਲੇਖਕ:

ਪ੍ਰੇਮ ਮਾਨ, ਗੁਰਦੇਵ ਸਿੰਘ ਘਣਗਸ, ਬਰਜਿੰਦਰ ਕੌਰ ਢਿੱਲੋਂ

         

 
                                     
              
  ਜੂਨ 6, 2009

        

ਇਨਸਾਨ ਅਤੇ ਇਨਸਾਨੀਅਤ

-ਪ੍ਰੇਮ ਮਾਨ

        

ਕੱਟੜਤਾ - ਧਾਰਮਿਕ ਅਤੇ ਦੂਜੇ ਵਿਚਾਰਾਂ ਬਾਰੇ - ਦੁਨੀਆਂ ਨੂੰ ਨਰਕ ਬਣਾ ਰਹੀ ਹੈ। ਉਮੀਦ ਸੀ ਕਿ ਵਿਦਵਤਾ ਦੇ ਪਸਾਰੇ ਨਾਲ ਅਤੇ ਤਕਨੀਕੀ ਉੱਨਤੀ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਸੁਧਰਨਗੀਆਂ ਅਤੇ ਲੋਕਾਂ ਵਿੱਚ ਨਫ਼ਰਤ ਦੀ ਥਾਂ ਪਿਆਰ ਵਧੇਗਾ। ਪਰ ਹੋਇਆ ਬਿਲਕੁਲ ਇਸਦੇ ਉਲਟ ਹੈ। ਕੁਝ ਲੋਕਾਂ ਦੇ ਵਿਚਾਰ ਹੋਰ ਵੀ ਕੱਟੜ ਹੋ ਗਏ ਹਨ। ਸਹਿਣਸ਼ੀਲਤਾ ਗੁੰਮ ਹੋ ਗਈ ਹੈ। ਪਿਆਰ ਅਤੇ ਹਮਦਰਦੀ ਘਟਦੇ ਜਾ ਰਹੇ ਹਨ। ਨਫ਼ਰਤ ਅਤੇ ਸਵਾਰਥਪੁਣਾ ਵਧ ਰਹੇ ਹਨ। ਇਨਸਾਨਾਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਰਹੀ ਹੈ। ਹੈਵਾਨੀਅਤ ਵਧਦੀ ਜਾ ਰਹੀ ਹੈ। ਇਸਦਾ ਅੰਤ ਕਦੋਂ, ਕਿਵੇਂ, ਅਤੇ ਕਿੱਥੇ ਜਾ ਕੇ ਹੋਵੇਗਾ? ਇਸ ਬਾਰੇ ਸੋਚ ਕੇ ਸਰੀਰ ਨੂੰ ਝੁਣਝੁਣੀਆਂ ਆਉਣ ਲੱਗ ਜਾਂਦੀਆਂ ਹਨ। ਕੁਝ ਲੋਕ ਸੰਸਾਰ ਨੂੰ ਤਬਾਹੀ ਵਲ ਬਹੁਤ ਹੀ ਤੇਜ਼ੀ ਨਾਲ ਲੈ ਕੇ ਜਾ ਰਹੇ ਹਨ।

  

ਇਹ ਗੱਲ ਸਿਰਫ਼ ਇਕ ਮੁਲਕ ਦੀ ਨਹੀਂ ਸਗੋਂ ਦੁਨੀਆਂ ਦੇ ਬਹੁਤੇ ਮੁਲਕਾਂ ਦੀ ਹੈ। ਜੋ ਹਮਲਾ ਅਤੇ ਵਾਰਦਾਤਾਂ ਆਸਟਰੀਆ ਦੇ ਸ਼ਹਿਰ ਵੀਏਨਾ (ਪੰਜਾਬੀ ਵਿੱਚ ਭਾਵੇਂ ਅਖ਼ਬਾਰਾਂ ਇਸਨੂੰ ਵਿਆਨਾ ਲਿਖਦੀਆਂ ਹਨ ਪਰ Vienna ਦਾ ਅਸਲੀ ਉਚਾਰਨ ਵੀਏਨਾ ਹੈ) ਦੇ ਇਕ ਗੁਰਦੁਆਰੇ ਵਿੱਚ ਹੋਈਆਂ ਹਨ, ਉਨ੍ਹਾਂ ਦੀ ਨਿਖੇਧੀ ਕਰਨੀ ਅਤੇ ਉਸਦੇ ਵਿਰੁੱਧ ਅਵਾਜ਼ ਉਠਾਉਣੀ (ਪਰ ਸ਼ਾਂਤਮਈ ਢੰਗ ਨਾਲ) ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ। ਹਰ ਇਨਸਾਨ ਦੇ ਵਿਚਾਰ ਵੱਖਰੇ ਹਨ ਅਤੇ ਹਰ ਇਨਸਾਨ ਨੂੰ ਆਪਣੇ ਢੰਗ ਨਾਲ ਸੋਚਣ, ਵਿਚਰਣ, ਅਤੇ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਜੇ ਕਰ ਇਸ ਨਾਲ ਦੂਜੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਹੋਵੇ। ਆਪਣੇ ਵਿਚਾਰ ਦੂਜਿਆਂ ਤੇ ਠੋਸਣੇ, ਜਾਂ ਦੂਜਿਆਂ ਨੂੰ ਵਿਚਾਰ ਬਦਲਣ ਲਈ ਮਜਬੂਰ ਕਰਨਾ, ਜਾਂ ਕਿਸੇ ਨੂੰ ਉਸਦੇ ਵੱਖਰੇ ਵਿਚਾਰਾਂ ਕਾਰਨ ਸੱਟ ਚੋਟ ਲਾਉਣੀ ਜਾਂ ਸਿਰਫ਼ ਵੱਖਰੇ ਵਿਚਾਰਾਂ ਦੇ ਅਧਾਰ ਤੇ ਕਿਸੇ ਦਾ ਕਤਲ ਕਰਨਾ ਗ਼ਲਤ ਹੀ ਨਹੀਂ ਸਗੋਂ ਘੋਰ ਜੁਰਮ ਹੈ ਜਿਸਦੀ ਸਜ਼ਾ ਕਰੜੀ ਤੋਂ ਕਰੜੀ ਮਿਲਣੀ ਚਾਹੀਦੀ ਹੈ। 

  

ਅੱਜ ਕੱਲ ਜਿਸ ਤਰ੍ਹਾਂ ਦੁਨੀਆਂ ਵਿੱਚ ਮਾਸੂਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ - ਜ਼ਿਆਦਾ ਕੱਟੜਤਾ ਦੇ ਨਾਂ ਤੇ - ਉਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਇਨਸਾਨਾਂ ਦੇ ਕਤਲ ਇਸ ਤਰ੍ਹਾਂ ਹੋ ਰਹੇ ਹਨ ਜਿਵੇਂ ਉਹ ਬਦਾਮ ਜਾਂ ਅਖਰੋਟ ਨੂੰ ਭੰਨਣ ਤੋਂ ਵੀ ਸੌਖੇ ਹੋਣ। ਦੂਜਿਆਂ ਦੀ ਮਦਦ ਕਰਨ ਨਾਲੋਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਜ਼ਿਆਦਾ ਪ੍ਰਚਲਤ ਹੋ ਗਿਆ ਹੈ। ਵੀਏਨਾ ਵਿਚਲੇ ਕਾਤਲਾਨਾ ਹਮਲੇ ਤੋਂ ਬਾਦ ਉਸਦੇ ਪ੍ਰਤੀਕਰਮ ਵਜੋਂ ਜੋ ਪੰਜਾਬ ਵਿੱਚ ਵਾਪਰਿਆ ਉਸਦੀ ਵੀ ਉਤਨੀ ਹੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਜਿਤਨੀ ਵੀਏਨਾ ਦੇ ਹਮਲੇ ਦੀ। ਜੋ ਲੋਕਾਂ ਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਨੁਕਸਾਨ (ਜਾਨੀ ਹਾਂ ਹੋਰ) ਹੋਇਆ ਹੈ, ਉਸਨੂੰ ਕਿਸੇ ਪੱਖ ਤੋਂ ਵੀ ਠੀਕ ਨਹੀਂ ਆਖਿਆ ਜਾ ਸਕਦਾ। ਫੱਟੜ ਹੋਣ ਤੋਂ ਇਲਾਵਾ ਲੋਕਾਂ ਨੂੰ ਜੋ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਦਿੱਕਤਾਂ ਅਤੇ ਔਖਿਆਈਆਂ ਦਾ ਸਾਂਭਣਾ ਕਰਨਾ ਪਿਆ ਹੈ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਘਟਨਾ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨਾ ਜਾਇਜ਼ ਹੈ ਪਰ ਇਸ ਰੋਸੇ ਨੂੰ ਪ੍ਰਗਟਾਉਣ ਦੇ ਵੱਖਰੇ ਵੱਖਰੇ ਢੰਗ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਠੀਕ ਹਨ ਅਤੇ ਕੁਝ ਗ਼ਲਤ ਹਨ। ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਰੋਸ ਭੰਨ ਤੋੜ ਕਰ ਕੇ ਅਤੇ ਲੋਕਾਂ ਨੂੰ ਕੁੱਟ ਮਾਰ ਕਰ ਕੇ ਪ੍ਰਗਟ ਕੀਤਾ ਹੈ, ਉਹ ਵੀ ਉਨ੍ਹਾਂ ਕਾਤਲਾਂ ਤੋਂ ਵਧੀਆ ਇਨਸਾਨ ਨਹੀਂ ਹੋ ਸਕਦੇ ਜਿਨ੍ਹਾਂ ਨੇ ਵੀਏਨਾ ਵਿੱਚ ਗੋਲੀਆਂ ਚਲਾਈਆਂ ਸਨ। ਭੰਨ ਤੋੜ ਕਰ ਕੇ, ਰਾਹ ਰੋਕ ਕੇ, ਅਤੇ ਕੁੱਟ ਮਾਰ ਕਰ ਕੇ ਮਾਸੂਮ ਲੋਕਾਂ ਨੂੰ ਕਸ਼ਟ ਪਹੁੰਚਾਉਣ ਵਾਲੇ ਕਿਸੇ ਤਰ੍ਹਾਂ ਵੀ ਕਿਸੇ ਦੀ ਹਮਦਰਦੀ ਅਤੇ ਸਮਰਥਨ ਦੇ ਹੱਕਦਾਰ ਨਹੀਂ। ਬੱਸਾਂ ਨੂੰ, ਕਾਰਾਂ ਨੂੰ, ਅਤੇ ਹੋਰ ਨਿੱਜੀ ਜਾਂ ਸਰਕਾਰੀ ਜਾਇਦਾਦ ਨੂੰ ਅੱਗ ਲਾ ਕੇ ਸਾੜਨਾ ਇਕ ਚੰਗਾ ਕੰਮ ਨਹੀਂ ਸਗੋਂ ਬੇਵਕੂਫ਼ੀ ਹੈ ਜਿਸਨੂੰ ਭੰਡਣਾ ਹਰ ਇਨਸਾਨ ਦਾ ਕੰਮ ਹੈ।

  

ਧਰਮ ਦੇ ਨਾਂ ਤੇ ਜੋ ਜੋ ਸ਼ਰਮਨਾਕ ਘਟਨਾਵਾਂ ਦੁਨੀਆਂ ਵਿੱਚ ਹੋ ਰਹੀਆਂ ਹਨ, ਧਰਮ ਨੂੰ ਸਹੀ ਢੰਗ ਨਾਲ ਸਮਝਣ ਵਾਲੇ ਲੋਕ ਕਦੇ ਵੀ ਉਨ੍ਹਾਂ ਦੇ ਹੱਕ ਵਿੱਚ ਨਾਹਰਾ ਨਹੀਂ ਲਾਉਣਗੇ। ਇਹੋ ਜਿਹੀਆਂ ਘਟਨਾਵਾਂ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਚਾਹੇ ਇਹ ਆਸਟਰੀਆ ਵਿੱਚ ਵਾਪਰੀ ਵਾਰਦਾਤ ਹੈ, ਜਾਂ ਪੰਜਾਬ ਵਿੱਚ ਕੀਤੀ ਗਈ ਭੰਨ ਤੋੜ ਅਤੇ ਹੁੱਲੜਬਾਜ਼ੀ ਹੈ, ਜਾਂ ਹਿੰਦੁਸਤਾਨ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਫ਼ਿਰਕੂ ਦੰਗੇ ਹਨ, ਜਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਤਾਲੀਬਾਨ ਵਲੋਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਬੰਬ ਬਲਾਸਟ ਹਨ, ਜਾਂ ਇਰਾਕ ਵਿੱਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸ ਵਿੱਚ ਲੜਾਈ ਹੈ, ਜਾਂ ਇਰਾਨ ਵਿੱਚ ਧਰਮ ਦੀ ਆੜ ਲੈ ਕੇ ਲੋਕਾਂ ਦੀ ਅਜ਼ਾਦੀ ਨੂੰ ਕੁਚਲਨਾ ਹੈ, ਜਾਂ ਕਈ ਮੁਲਕਾਂ ਵਿੱਚ ਧਰਮ ਦੇ ਗ਼ਲਤ ਅਰਥ ਕੱਢ ਕੇ ਔਰਤਾਂ ਤੇ ਕੀਤੇ ਅਤਿਆਚਾਰ ਹਨ, ਜਾਂ ਅਫ਼ਰੀਕਾ ਦੇ ਕਈ ਮੁਲਕਾਂ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਲੀਡਰਾਂ ਵਲੋਂ ਬਨਾਉਟੀ ਤੌਰ ਤੇ ਪੈਦਾ ਕੀਤੀ ਭੁੱਖ-ਮਾਰ ਹੈ, ਅਤੇ ਜਾਂ ਫਿਰ ਉੱਤਰੀ ਕੋਰੀਆ ਵਲੋਂ ਬੱਚਿਆਂ ਨੂੰ ਭੁੱਖੇ ਰੱਖ ਕੇ ਮਿਸਲਾਂ ਅਤੇ ਬੰਬਾਂ ਤੇ ਪੈਸਾ ਖਰਚਣਾ ਹੈ।  

  

ਕਈ ਮੁਲਕਾਂ ਵਿੱਚ ਕਿਵੇਂ ਔਰਤਾਂ ਨੂੰ ਅਤੇ ਛੋਟੇ ਛੋਟੇ ਬੱਚੇ-ਬੱਚੀਆਂ ਨੂੰ ਧਰਮ ਦੇ ਨਾਂ ਤੇ ਚਾਬਕਾਂ ਅਤੇ ਕੋੜਿਆਂ ਨਾਲ ਕੁੱਟਿਆ ਜਾਂਦਾ ਹੈ, ਇਸਦਾ ਸਬੂਤ ਹੇਠ ਲਿਖੀ ਵੀਡੀਓ ਤੋਂ ਮਿਲ ਸਕਦਾ ਹੈ: 

http://www.youtube.com/watch?v=UbrkTeVJlnQ

   

ਇਹੋ ਜਿਹੇ ਇਨਸਾਨ ਦੇ ਜਾਮੇ ਵਿੱਚ ਜੀਅ ਰਹੇ ਸ਼ੈਤਾਨਾਂ ਅਤੇ ਹੈਵਾਨਾਂ ਨੂੰ ਇਨ੍ਹਾਂ ਔਰਤਾਂ ਅਤੇ ਬੱਚੇ-ਬੱਚੀਆਂ ਦੀਆਂ ਚੀਕਾਂ-ਕੁਰਲਾਟਾਂ ਸੁਣ ਕੇ ਵੀ ਕੋਈ ਤਰਸ ਅਤੇ ਹਮਦਰਦੀ ਨਹੀਂ ਆਉਂਦੀ। ਇਹੋ ਜਿਹੇ ਅਤਿਆਚਾਰ ਕਰਨ ਵਾਲੇ ਲੋਕਾਂ ਦਾ ਇਸ ਦੁਨੀਆਂ ਵਿੱਚੋਂ ਕਦੋਂ ਖਾਤਮਾ ਹੋਵੇਗਾ? ਇਹ ਲੋਕ ਉਦੋਂ ਤੱਕ ਕਾਇਮ ਰਹਿਣਗੇ ਜਦੋਂ ਤੱਕ ਅਸੀਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਸਹਿੰਦੇ ਰਹਾਂਗੇ ਅਤੇ ਇਨ੍ਹਾਂ ਦਾ ਵਿਰੋਧ ਕਰਨ ਤੋਂ ਡਰਦੇ ਰਹਾਂਗੇ। ਇਹੋ ਜਿਹੇ ਲੋਕਾਂ ਨੂੰ ਪਨਾਹ ਦੇਣ ਵਾਲੇ ਵੀ ਉਤਨੇ ਹੀ ਕਸੂਰਵਾਰ ਹਨ ਜਿੰਨੇ ਕਿ ਕਸੂਰ ਕਰਨ ਵਾਲੇ। ਅੱਤਵਾਦੀ ਲਹਿਰਾਂ ਦਾ ਖਾਤਮਾ ਕਰਨ ਲਈ ਸਾਰੇ ਮੁਲਕਾਂ ਦੇ ਚੰਗੇ ਲੋਕਾਂ ਨੂੰ ਇਕੱਠੇ ਹੋ ਕੇ ਹਿੰਮਤ ਕਰਨੀ ਪਵੇਗੀ। ਇਹ ਕਿਸੇ ਇਕ ਮੁਲਕ ਦੇ ਬੱਸ ਦਾ ਰੋਗ ਨਹੀਂ। ਅੱਤਵਾਦ ਨੇ ਕਿਸ ਤਰ੍ਹਾਂ ਮੁਲਕਾਂ ਦਾ ਸਤਿਆਨਾਸ ਕੀਤਾ ਹੈ, ਇਸਦੇ ਸਬੂਤ ਥਾਂ ਥਾਂ ਮਿਲਦੇ ਹਨ।  

    

ਦੁਨੀਆਂ ਵਿੱਚ ਜੋ ਅੱਤਵਾਦ ਵਾਪਰ ਰਿਹਾ ਹੈ ਉਸਦੇ ਕਾਰਨਾਂ ਵਿੱਚ ਬਹੁਤੇ ਮਹੱਤਵਪੂਰਨ ਕਾਰਨ ਤਾਂ ਲੋਕਾਂ ਦੀ ਬਹੁਤਾਤ ਅਤੇ ਉਨ੍ਹਾਂ ਦਾ ਵਿਹਲੇ ਹੋਣਾ ਹੈ। ਬਹੁਤ ਸਾਰੇ ਮੁਲਕਾਂ ਦੀ ਅਬਾਦੀ ਇੰਨੀ ਤੇਜ਼ੀ ਨਾਲ ਵਧੀ ਹੈ ਅਤੇ ਹਾਲੇ ਵੀ ਵਧ ਰਹੀ ਹੈ ਕਿ ਨਵੇਂ ਜੰਮਦੇ ਲੋਕਾਂ ਦੀ ਦੇਖ ਭਾਲ ਕਰਨੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀਆ ਸਹੂਲਤਾਂ ਮੁਹੱਈਆ ਕਰਨੀਆਂ ਬਿਲਕੁਲ ਸੰਭਵ ਨਹੀਂ। ਜੁਆਨ ਲੜਕੇ ਅਤੇ ਲੜਕੀਆਂ ਪੜ੍ਹ ਲਿਖ ਕੇ ਵਿਹਲੇ ਫਿਰਦੇ ਹਨ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਵਿਹਲਾ ਦਿਮਾਗ ਸ਼ੈਤਾਨੀ ਦਾ ਘਰ ਹੁੰਦਾ ਹੈ। ਵਿਹਲੇ ਲੋਕ ਨਿਰਾਸ਼ ਹੋ ਕੇ ਭੈੜੇ ਪਾਸੇ ਲੱਗ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਜਿੱਧਰ ਚਾਹੋ ਲਾ ਲਵੋ। ਹਾਕ ਮਾਰਨ ਦੀ ਦੇਰ ਹੈ, ਇਹ ਲੋਕ ਹੁਲੜਬਾਜ਼ੀ, ਭੰਨ-ਤੋੜ, ਨਾਹਰੇਬਾਜ਼ੀ ਆਦਿ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅੱਤਵਾਦੀ ਲਹਿਰਾਂ ਇਨ੍ਹਾਂ ਗਰੀਬ ਲੋਕਾਂ ਨੂੰ ਪੈਸੇ ਦੇ ਕੇ ਗ਼ਲਤ ਕੰਮ ਕਰਾਉਂਦੀਆਂ ਹਨ। ਸਭ ਤੋਂ ਵੱਧ ਲੋੜ ਹੈ ਹਿੰਦੁਸਤਾਨ ਵਰਗੇ ਮੁਲਕਾਂ ਦੀ ਅਬਾਦੀ ਨੂੰ ਹਰ ਹੀਲੇ ਨਾਲ ਕੰਟਰੋਲ ਕਰਨ ਦੀ। ਜਦੋਂ ਤੱਕ ਅਬਾਦੀ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ, ਇਨ੍ਹਾਂ ਮੁਲਕਾਂ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ। ਅਗਲੀ ਗੱਲ ਹੈ ਘਰਾਂ, ਸਕੂਲਾਂ, ਅਤੇ ਕਾਲਜਾਂ ਵਗੈਰਾ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਅਤੇ ਪਾਉਣ ਦੀ। ਜਦੋਂ ਤੱਕ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ, ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਹੀ ਰਹਿਣਗੀਆਂ।

          

 
                                     
 

        

  ਜੂਨ 28, 2009  

    

             

ਇਨਸਾਨ ਅਤੇ ਇਨਸਾਨੀਅਤ

-ਗੁਰਦੇਵ ਸਿੰਘ ਘਣਗਸ

 

ਦੁਨੀਆ ਵਿਚ ਇਨਸਾਨ ਕਿਵੇਂ ਆਇਆ ? ਇਸ ਬਾਰੇ ਦੋ ਕਿਸਮ ਦੇ ਸਿਧਾਂਤ (theories) ਮਿਲਦੇ ਹਨ:

    

1- ਉਤਪਤੀ-ਸਿਧਾਂਤ (Theory of Creation): ਇਹ ਸਿਧਾਂਤ ਧਾਰਮਕ ਪੱਖਾਂ ਵਾਲਾ ਹੈ। ਇਸ ਅਨੁਸਾਰ ਕਿਸੇ ਰੱਬ ਵਰਗੀ ਸ਼ਕਤੀ ਨੇ ਇਨਸਾਨ ਨੂੰ  ਧਰਤੀ ‘ਤੇ ਆਪਣੀ ਮਰਜੀ ਨਾਲ਼ ਸਿੱਧਾ ਭੇਜਿਆ। ਵੱਖੋ ਵੱਖਰੇ ਧਰਮਾਂ ਵਿਚ ਕਈ ਫਰਕ ਵੀ ਦਿਖਦੇ ਹਨ। ਫਰਕਾਂ ਦੀਆਂ ਤੂਤੀਆਂ ਬਜਾਉਣ ਵਾਲੇ ਇਕ ਦੂਜੇ ਦਾ ਖੂਨ ਵੀ ਕਰਦੇ ਆਏ ਹਨ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਇਹੀ ਕਾਰਨ ਹੈ ਕਿ ਜਮਹੂਰੀਅਤ ਮੁਲਕਾਂ ਦੇ ਸਰਕਾਰੀ ਸਕੂਲਾਂ ਵਿਚ ਆਮ ਤੌਰ ਤੇ ਧਾਰਮਕ ਸਿਧਾਂਤ ਪੜ੍ਹਾਏ ਨਹੀਂ ਜਾਂਦੇ।  ਧਾਰਮਕ ਗੱਲਾਂ ਵਿਸ਼ਵਾਸ਼ ‘ਤੇ ਨਿਰਭਰ ਹੁੰਦੀਆਂ ਹਨ। ਇਸ ਲਈ ਵੱਖੋ ਵੱਖਰੇ ਧਾਰਮਕ ਸਿਧਾਂਤਾਂ ਦੇ ਫਰਕਾਂ ਦਾ ਨਿਚੋੜ ਕੱਢ ਕੇ ਸਰਲ ਭਾਸ਼ਾ ਵਿਚ ਲਿਖ ਦੇਣਾ ਔਖਾ ਕੰਮ ਹੈ। ਧਰਮਾਂ ਦੇ ਫਰਕਾਂ ਬਾਰੇ ਨਾਂ ਹੀ ਮੈਂ ਬਹੁਤਾ ਲਿਖਣਾ ਚਾਹੁੰਦਾ ਹਾਂ ਤੇ ਨਾਂ ਹੀ ਲਿਖਣ ਦੇ ਕਾਬਲ ਹਾਂ।  

     

2- ਵਿਕਾਸੀ-ਸਿਧਾਂਤ (Theory of Evolution): ਦੂਸਰਾ ਸਿਧਾਂਤ ਵਿਗਿਆਨਕ ਪੱਖ ਦਾ ਹੈ ਜਿਸਨੂੰ ਵਿਕਾਸੀ-ਸਿਧਾਂਤ (Theory of Evolution) ਕਿਹਾ ਜਾਂਦਾ ਹੈ। ਇਸ ਦਾ ਬਹੁਤਾ ਸਿਹਰਾ ਇੰਗਲੈਂਡ ਦੇ ਵਿਗਿਆਨੀ ‘ਚਾਰਲਿਸ ਡਾਰਵਿਨ’ ਦੇ ਸਿਰ ਜਾਂਦਾ ਹੈ ਜਿਸਨੇ ਪੂਰੇ ਡੇਢ ਸੌ ਸਾਲ ਪਹਿਲਾਂ ( ਸੰਨ 1859 ਵਿਚ ) ਆਪਣੀ ਮਸ਼ਹੂਰ ਲਿਖਤ ‘ਜਾਤੀਆਂ ਦਾ ਆਰੰਭ’ (Origin of Species) ਛਾਪੀ। ਇਸ ਕਿਤਾਬ ਵਿਚ ਇਹ ਵੀ ਨਤੀਜਾ ਕੱਢਿਆ ਗਿਆ ਕਿ ਵੱਖੋ ਵੱਖ ਜਾਤੀਆਂ ( ਪਸ਼ੂ, ਪੰਖੀ, ਕੀੜੇ-ਮਕੌੜੇ, ਬੰਦੇ ਇਤ-ਆਦਿ) ਵਿਚ ਸਾਂਝਾਂ ਇਤਨੀਆਂ ਹਨ, ਕਿ ਇਹ ਇਕ ਸਾਂਝੇ ਜੀਵ-ਬਿੰਦੂ ਤੋਂ ਸ਼ੁਰੂ ਹੋਈਆਂ ਤੇ ਹੌਲੀ ਹੌਲੀ ਇਕ ਦੂਜੇ ਤੋਂ ਵੱਖ ਹੁੰਦੀਆਂ ਗਈਆਂ ਹਨ। ਆਖਰ ਸਿੱਟਾ ਇਹ ਵੀ ਕੱਢਿਆ ਗਿਆ ਕਿ ਬੰਦੇ ਦੀ ਜਾਤ ਅਫਰੀਕਾ ਦੇ ਜਾਂਗਲੀ ਬਾਂਦਰ (ਬਣ-ਮਾਨਸ, Chimpanzee) ਦੇ ਨਾਲ ਮਿਲਦੀ ਹੈ, ਇਸ ਲਈ ਬਾਂਦਰ ਬੰਦਿਆਂ ਦੇ ਸਭ ਤੋਂ ਨੇੜੇ ਦੇ ਪੁਰਖੇ ਹਨ। ਪੱਛਮੀਂ ਮੁਲਕਾਂ ਦੇ ਸਕੂਲਾਂ ਵਿਚ ਵਿਕਾਸੀ-ਸਿਧਾਂਤ ਆਮ ਪੜ੍ਹਾਇਆ ਜਾਂਦਾ ਹੈ।

    

          ਇਸ ਗੱਲ ਨੂੰ ਛੱਡਿਆ ਜਾ ਸਕਦਾ ਹੈ, ਕਿ ਬੰਦਾ ਧਰਤੀ ‘ਤੇ ਕਿਵੇਂ ਆਇਆ। ਪਰ, ਪਿਛਲੇ ਪੰਜਾਹ ਸਾਲਾਂ ਵਿਚ ਵਿਗਿਆਨਕ ਖੋਜ ਇਸ ਨਤੀਜੇ ਤੇ ਪਹੁੰਚ ਗਈ ਹੈ ਕਿ ਬਣ-ਮਾਨਸ ਅਤੇ ਬੰਦੇ ਵਿੱਚ ਸਿਰਫ ਦੋ-ਫੀ-ਸਦੀ ਬੁਨਿਆਦੀ ਫਰਕ ਹੈ (2% genetic differences) ।  ਪਰ ਬੰਦੇ ਅਤੇ ਬਾਂਦਰ ਦੀ ਸੋਚਣ ਸ਼ਕਤੀ ਵਿਚ ਬੇਅੰਤ ਫਰਕ ਹੈ। ਕੀ ਬੰਦਾ ਆਪਣੀ ਸੋਚਣ ਸ਼ਕਤੀ ਦਾ ਇਸਤੇਮਾਲ ਠੀਕ ਕਰ ਰਿਹਾ ਹੈ?

              

            ਪ੍ਰੇਮ ਮਾਨ ਜੀ ਨੇ ਆਪਣੇ ਲੇਖ ਵਿਚ ਅੱਜ ਦੇ ਇਨਸਾਨ ਦੀ ਇਨਸਾਨੀਅਤ ਬਾਰੇ ਚਰਚਾ ਛੇੜੀ ਹੈ। ਪੰਜਾਬੀ ਹੋਣ ਕਰਕੇ ਉਹ ਪੰਜਾਬੀਆਂ ਦੀ ਵਰਤਮਾਨ ਸਥਿਤੀ ਨਾਲ ਗੱਲ ਸ਼ੁਰੂ ਕਰਦੇ ਹਨ, ਤੇ ਆਖਰ ਲੋਕਾਂ ਨੂੰ ਧਰਮ ਦੇ ਨਾਂ ਤੇ ਗਲਤ ਰਸਤੇ ਫੜਨ ਤੋਂ ਸਾਵਧਾਨ ਰਹਿਣ ਦਾ  ਸਨੇਹਾ ਦਿੰਦੇ ਹਨ।  ਆਓ ਹੁਣ ਪੰਜਾਬੀ ਦੇ ਮਰਹੂਮ ਸ਼ਾਇਰ ਉਲਫਤ ਬਾਜਵਾ ਦੀ ਇਕ ਗ਼ਜ਼ਲ ਪੜ੍ਹੀਏ:

            

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ

ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ

ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ

ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ

ਮਾਣਸ ਕੀ ਇਕ ਜਾਤਪਛਾਣੇ ਕੌਣ ਭਲਾ

ਸਭ ਦੇ ਅੱਖੀਂ ਘੱਟਾ ਪਾਇਆ ਮਜ੍ਹਬਾਂ ਨੇ

ਵੇਦ-ਕਿਤੇਬਾਂ ਵਿਚ ਹੈ ਪਾਠ ਮੁਹੱਬਤ ਦਾ

ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ

ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ

ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ

ਨਾਨਕ ਤੇਰੀਤੇਰਾਂ ਤੇਰਾਂਕੌਣ ਸੁਣੇ

ਮੈਂ ਮੇਰੀਦਾ ਸ਼ੋਰ ਮਚਾਇਆ ਮਜ੍ਹਬਾਂ ਨੇ

ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਂਦਾ ਨਹੀਂ

ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ

ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ

ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

             

          ਬਾਜਵਾ ਜੀ ਨੇ ਵੀ ਆਪਣੀ ਭਾਫ ਮਜ੍ਹਬਾਂ ਦੇ ਨਾਂ ਤੇ ਕੱਢ ਲਈ ਹੈ। ਪਰ, ਉਰਦੂ ਦੇ ਮਸ਼ਹੂਰ ਸ਼ਾਇਰ ‘ਅਲਮਾ ਇਕਬਾਲ’ ਦਾ ਕਹਿਣਾ ਹੈ ਕਿ,

‘ਮਜ੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ।’

       

          ਇਸ ਲਈ ਬਾਜਵਾ ਜੀ ਦੀ ਗ਼ਜ਼ਲ ਦਾ ਭਾਵ-ਅਰਥ (ਸਹੀ ਅਰਥ) ਧਰਮਾਂ ਨਾਲ ਨਹੀਂ ਸਗੋਂ ਧਰਮਾਂ ਦਾ ਸਹਾਰਾ ਲੈਕੇ ਲੋਕਾਂ ਨੂੰ ਉਲਝਾਉਣ ਵਾਲੇ ਇਨਸਾਨਾਂ ਨਾਲ ਹੈ। ਚੰਗੇ ਮਾੜੇ ਲੋਕ ਹਰ ਖੇਤਰ ਵਿਚ ਦੇਖੇ ਜਾ ਸਕਦੇ ਹਨ। ਮਾੜੀਆਂ ਘਟਨਾਵਾਂ ਹਰ ਰੋਜ ਹੁੰਦੀਆਂ ਰਹਿੰਦੀਆਂ ਹਨ; ਇਹ ਸਾਰੀਆਂ ਮਜ਼੍ਹਬਾਂ ਦੇ ਸਿਰ ਵੀ ਨਹੀਂ ਮੜ੍ਹੀਆਂ ਜਾ ਸਕਦੀਆਂ। ਪਰ ਧਰਮ ਦੇ ਨਾਂ ਤੇ ਲੋਕ ਸੌਖੇ ਭੜਕ ਜਾਂਦੇ ਹਨ, ਇਹ ਵੀ ਆਮ ਦੇਖਿਆ ਜਾਂਦਾ ਹੈ। ਗੱਲ ਸਦਾ ਹੱਲ ਲੱਭਣ ਤੇ ਤਿਲਕ ਜਾਂਦੀ ਹੈ। ਵੱਡੇ ਵੱਡੇ ਅਵਤਾਰ ਲੋਕ ਸਮਾਜ ਸੁਧਾਰਨ ਲਈ ਬੇਅੰਤ ਕੁਰਬਾਨੀਆਂ ਵੀ ਕਰ ਗਏ ਹਨ। ਕਿੰਨਾ ਚਿਰ ਅਸੀਂ ‘ਆ ਗੁਰ ਨਾਨਕ, ਆ ਗੁਰ ਨਾਨਕ ’ ਕਹੀ ਜਾਵਾਂਗੇ? ਗੁਰੂ ਨਾਨਕ ਜੀ ਤਾਂ ਆਪਣਾ ਸਾਰਾ  ਜੀਵਨ ਪਰਉਪਕਾਰੀ ਵਿਚ ਲਾ ਗਏ। ਸਾਡਾ ਆਪਣਾ ਵੀ ਤੇ ਕੋਈ ਫਰਜ ਬਣਦਾ ਹੈ।

         

           ਸੰਸਾਰ ਵਿਚ ਕਾਫੀ ਕੁਝ ਮਾੜਾ ਹੋ ਰਿਹਾ ਹੈ। ਕਈ ਵਾਰ ਲਗਦਾ ਹੈ ਕਿ ਨਾਂ ਕੋਈ ਕਿਸੇ ਦੀ ਸਲਾਹ ਲੈਂਦਾ ਹੈ ਨਾਂ ਸੁਣਦਾ ਹੈ। ਪਾਕਿਸਤਾਨ ਵਿਚ ਹਿੰਦੂ ਸਿੱਖਾਂ ਤੇ ਜ਼ਜੀਏ ਲਗ ਰਹੇ ਹਨ, ਜਨਾਨੀਆਂ ਤੇ ਛਮਕੇ ਚੱਲ ਰਹੇ ਹਨ, ਇਹ ਸਭ ਇਨਸਾਨੀਅਤ ਤੋਂ ਗਿਰੇ ਹੋਏ ਲੋਕਾਂ ਦੀਆਂ ਹਰਕਤਾਂ ਹਨ। ਜਿਸ ਤਰ੍ਹਾਂ ਇਰਾਕ ਵਿਚ ਜੰਗ ਛੇੜਨ ਲਈ ਬਨਾਉਟੀ ਢਕਵੰਜ ਅਮਰੀਕਾ ਦੀ ਇੱਜਤ ਲਈ ਹਾਨੀਕਾਰਕ ਸਾਬਤ ਹੋ ਚੁੱਕੇ ਹਨ,ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਗੁਰੂ-ਘਰਾਂ ਦੀ ਬੇਅਦਵੀ ਕਰਵਾਉਣੀ ਪੰਜਾਬੀਆਂ ਲਈ ਕਿਸੇ ਚੰਗੀ ਸੋਚ ਦਾ ਕੰਮ ਨਹੀਂ। ‘ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋਏ।’ ਅੱਜਕਲ ਕੁੜੀਆਂ ਵੀ ਬੈਂਕਾਂ ਲੁਟਦੀਆਂ, ਨਸ਼ੇ-ਪਾਣੀ ਦਾ ਬਿਓਪਾਰ ਕਰਦੀਆਂ ਫੜੀਆਂ ਜਾ ਰਹੀਆਂ ਹਨ।  ਇਨਸਾਨਾਂ ਤੋਂ ਗਲਤੀਆਂ ਤਾਂ ਹੁੰਦੀਆਂ ਰਹਿਣਗੀਆਂ ਪਰ ਜਦ ਵੱਡੇ ਵੱਡੇ ਆਹੁਦਿਆਂ ਵਾਲੇ ਲੋਕ ਖਰਾਬੀਆਂ ਕਰਕੇ ਆਪਣੀ ਗਲਤੀ ਨਹੀਂ ਮੰਨਦੇ ਤਾਂ ਸੁਧਾਰ ਤਾਂ ਕੀ ਹੋਣਾ ਹਲਚਲ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਤੇ ਲਗਦਾ ਹੈ ਕਿ ਇਨਸਾਨੀਅਤ ਮਰ ਚੱਲੀ ਹੈ।

       

          ਮਾੜੀਆਂ ਗੱਲਾਂ ਇਤਨੀਆਂ ਹੁੰਦੀਆਂ ਹਨ ਕਿ ਵਰਕੇ ਤੇ ਵਰਕੇ ਭਰੇ ਜਾ ਸਕਦੇ ਹਨ। ਪਰ ਸਾਡੇ ਆਲ਼ੇ-ਦੁਆਲ਼ੇ ਚੰਗੇ ਇਨਸਾਨ ਵੀ ਬਹੁਤ ਵਸਦੇ ਹਨ। ਮੈਂ ਦੋ ਚੰਗੇ ਇਨਸਾਨਾਂ ਬਾਰੇ ਲਿਖਕੇ ਇਹ ਲੇਖ ਖਤਮ ਕਰਨ ਦਾ ਮਨ ਬਣਾ ਲਿਆ ਹੈ।

       

1- ਅਮਰੀਕਾ ਦਾ ਨੀਊ ਯਾਰਕ ਸ਼ਹਿਰ ਉਂਜ ਬਹੁਤ ਤੇਜ-ਰਫਤਾਰ ਵਾਲਾ ਸ਼ਹਿਰ ਹੈ ਜਿੱਥੇ ਹਰ ਕਦਮ ਧਿਆਨ ਨਾਲ ਚੱਲਣਾ ਪੈਂਦਾ ਹੈ। ਸ਼ਹਿਰ ਦੇ ਕਾਫੀ ਲੋਕ ਕੰਮਾਂ ਤੇ ਜਾਣ ਲਈ ਰੇਲ਼-ਗੱਡੀਆਂ ਤੇ ਆਉਂਦੇ ਜਾਂਦੇ ਹਨ। ਸਟੇਸ਼ਨਾਂ ਤੇ ਤਰ੍ਹਾਂ ਤਰ੍ਹਾਂ ਦੇ ਲੋਕ ਫਿਰਦੇ ਰਹਿੰਦੇ ਹਨ। ਦੋ ਕੁ ਸਾਲ ਪਹਿਲਾਂ ਸਟੇਸ਼ਨ ਤੇ ਘੁੰਮਦਾ ਇਕ ਬੰਦਾ ਦੌਰਾ ਪੈਣ ਤੇ ਰੇਲ ਦੀ ਪਟੜੀ ਦੇ ਵਿਚਕਾਰ ਡਿਗ ਪਿਆ। ਉੱਧਰੋਂ ਰੇਲ਼ ਗੱਡੀ ਨੇੜੇ ਆ ਗਈ ਸੀ ਤੇ ਉਸਦੀ ਜਾਨ ਖਤਰੇ ‘ਚ ਦੇਖ ਇਕ ਅਜਨਵੀ ਨੇ ਛਾਲ਼ ਮਾਰੀ ਤੇ ਬੰਦੇ ਨੂੰ ਫੜਕੇ ਪਟੜੀ ਤੇ ਨੀਵਾਂ ਕਰਕੇ ਪਾ ਲਿਆ ਤਾਂ ਕਿ ਉਸਨੂੰ ਨੁਕਸਾਨ ਨਾ ਹੋਵੇ। ਗੱਡੀ ਆਈ ਤੇ ਦੋਨਾਂ ਦੇ ਉੱਤੋਂ ਦੀ ਲੰਘ ਗਈ। ਬੰਦਾ ਕੁਚਲ਼ੇ ਜਾਣੋ ਬਚ ਗਿਆ। ਬਚਾਉਣ ਵਾਲ਼ੇ ਅਜਨਵੀ ਦਾ ਨਾਂ ‘ਵੈਸਲੇ ਔਟਰੀ’ (Wesley Autrey) ਹੈ।

       

2-ਇਸੇ ਤਰ੍ਹਾਂ ਪਿਛਲੇ ਸਾਲ ਲੁਧਿਆਣਾ ਸ਼ਹਿਰ ਦੇ ਲਾਗ ਜਾਂਦੀ ਨਹਿਰ ਵਿਚ ਦੋ ਬੱਚੇ ਰੁੜ੍ਹੇ ਜਾਂਦੇ ਦੇਖ ਇਕ ਨੌ-ਜੁਆਨ ਨੇ ਨਹਿਰ ਵਿਚ ਛਾਲ ਮਾਰੀ। ਬੱਚਿਆਂ ਨੂੰ ਆਪਣੇ ਨਾਲ ਚਿੰਬੜ ਜਾਣ ਲਈ ਇਕ ਇਕ ਲੱਤ ਦੇ ਦਿੱਤੀ ਤੇ ਤੈਰੀ ਮਾਰਕੇ ਕੰਢੇ ਲੈ ਆਇਆ। ਇਹ ਬੰਦਾ, ਲਖਬੀਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵੀ. ਸੀ. ਦੇ ਦਫਤਰ ਵਿਚ ਮੁਲਾਜ਼ਮ ਹੈ। ਲਖਬੀਰ ਦੀ ਫੋਟੋ ਹੇਠਾਂ ਹੈ। ਜਦੋਂ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਦਰਸ਼ਨ ਕਰਦੇ ਹਾਂ ਤਾਂ ਲਗਦਾ ਹੈ ਕਿ ਇਨਸਾਨੀਅਤ ਅਜੇ ਜਿਉਂਦੀ ਹੈ।

ਦੋ ਬੱਚਿਆਂ ਦੀ ਜਾਨ ਬਚਾਉਣ ਵਾਲਾ ਲਖਬੀਰ ਸਿੰਘ (Photo March 5, 2009)

 

           

 
                                     
 

        

  ਜੂਨ 28, 2009  

    

 

ਇਨਸਾਨ ਅਤੇ ਇਨਸਾਨੀਅਤ

- ਬਰਜਿੰਦਰ ਕੌਰ ਢਿੱਲੋਂ

 

ਇਕ ਬੜੀ ਪੁਰਾਣੀ ਹਿੰਦੀ ਫ਼ਿਲਮ ਦਾ ਗਾਣਾ ਹੈ,

 

            ਦੇਖ ਤੇਰੇ ਇਨਸਾਨ ਕੀ ਹਾਲਤ ਕੀ ਹੋ ਗਈ ਭਗਵਾਨ,

            ਕਿਤਨਾ ਬਦਲ ਗਿਆ ਇਨਸਾਨ।

 

ਬਿਲਕੁਲ ਠੀਕ ਲਿਖਿਆ ਸੀ ਗਾਣਾ ਲਿਖਣ ਵਾਲੇ ਨੇ। ਇਹ ਵੀ ਸੱਚ ਹੈ ਕਿ ਗਾਣਾ ਲਿਖਣ ਤੋਂ ਕਈ ਸਾਲਾਂ ਬਾਅਦ ਵੀ ਇਨਸਾਨ ਸੁਧਰਿਆ ਨਹੀਂ ਬਲਕਿ ਹੋਰ ਵੀ ਵਿਗੜ ਗਿਆ ਹੈ।

         

ਇਨਸਾਨੀ ਫਿਤਰਤ ਐਨੀ ਬਦਲ ਗਈ ਹੈ ਕਿ ਇਨਸਾਨ ਜਾਨਵਰ ਨੂੰ ਵੀ ਮਾਤ ਕਰ ਗਿਆ ਹੈ। ਪਿਆਰ, ਮੁਹੱਬਤ ਤਾਂ ਇਨਸਾਨ ਦੀ ਫਿਤਰਤ ਵਿੱਚੋਂ ਨਿਕਲ ਹੀ ਗਈ ਹੈ। ਭਰਾ ਭਰਾ ਦਾ ਵੈਰੀ, ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਖ਼ੂਨ ਖ਼ਰਾਬਾ; ਬੱਸ ਇਨਸਾਨ ਦੌਲਤ ਦਾ ਪੁਜਾਰੀ ਬਣ ਕੇ ਰਹਿ ਗਿਆ ਹੈ।

ਇਹ ਦੌਲਤ ਨਾ ਤਾਂ ਇਨਸਾਨ ਆਪਣੇ ਨਾਲ ਲੈ ਕੇ ਆਇਆ ਸੀ ਤੇ ਨਾ ਹੀ ਇਸਨੇ ਨਾਲ ਲੈ ਕੇ ਜਾਣਾ ਹੈ।

ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਹਦਾਇਤ ਕੀਤੀ ਸੀ, ਕਿ

          

      'ਜੋ ਅੱਜ ਤੇਰਾ ਹੈ ਉਹ ਕੱਲ ਤੇਰਾ ਨਹੀਂ ਸੀ,

      ਤੇ ਜੋ ਅੱਜ ਤੇਰਾ ਹੈ, ਕੱਲ ਕਿਸੇ ਹੋਰ ਦਾ ਹੋ ਜਾਵੇਗਾ।

      ਹੇ ਅਰਜਨ, ਕਰਮ ਕਰ, ਫਲ ਦਾ ਆਸ਼ਾ ਛੱਡ ਦੇ।'

        

ਅੱਜ ਇਨਸਾਨ ਕਰਮ ਹੀ ਇਸ ਤਰਾ੍ਹਂ ਦੇ ਕਰ ਰਿਹਾ ਹੈ ਕਿ ਉਸਦੇ ਕਰਮਾਂ ਦੇ ਫਲ ਦੀ ਤਮੰਨਾ ਕਰਨਾ ਫਜ਼ੂਲ ਹੈ।

                                

ਮੈ ਇਕ ਅੰਗ੍ਰੇਜ਼ੀ ਵਿੱਚ ਕੁਝ ਇਨਸਾਨੀਅਤ ਦੇ ਬਾਰੇ ਲਿਖਿਆ ਸੀ,

             

                                                        LIMITS

                                                    Life is a jungle
                                                    Find your own way.
                                                    Keep your senses alert
                                                    you won't go astray.
                                                    Break the law and
                                                    you won't get away.
                                                   
                                                    Animal in a jungle,
                                                    Lives within his limits.
                                                    Man in his life,

                                                    Crosses all limits.

                                                                         -(www.poetry.com)

          

ਅਸੀਂ ਕਿਉਂ ਨਹੀਂ ਕਿਸੇ ਦਾ ਦੁੱਖ ਦਰਦ ਮਹਿਸੂਸ ਕਰਦੇ? ਕਿਉਂ ਅਸੀ ਨਿਰਦਈ ਬਣਦੇ ਜਾ ਰਹੇ ਹਾਂ? ਕਿਉਂ ਅਸੀਂ ਹਜ਼ਾਰਾਂ ਆਰਾਮ ਦੇਣ ਵਾਲੀਆਂ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਹਾਂ? ਕਿਉਂ ਅਸੀਂ ਕਿਸੇ ਦੀ ਆਤਮਾ ਦੁਖੀ ਕਰਦੇ ਹਾਂ?

     

ਫੌਜ ਵਿੱਚ ਜਾਣ ਵਾਲੇ ਸਿਪਾਹੀ ਸਾਡੀ ਹਿਫ਼ਾਜ਼ਤ ਲਈ ਲੜਦੇ ਹਨ, ਜੰਗਲਾਂ ਵਿੱਚ, ਗਰਮੀ ਵਿੱਚ, ਭੁੱਖੇ ਤਿਹਾਏ ਦੇਸ਼ ਦੀ ਖਾਤਰ ਲੜਦੇ ਲੜਦੇ ਆਪਣੀ ਜਾਨ ਦੇ ਦਿੰਦੇ ਹਨ। ਸੋਚਿਆ ਜਾਵੇ, ਅਸੀਂ ਉਨ੍ਹਾਂ ਲਈ ਕੀ ਕਰਦੇ ਹਾਂ। ਕੁਝ ਵੀ ਨਹੀਂ। ਅਸੀਂ ਕਦੀ ਸੋਚਿਆ ਵੀ ਨਹੀਂ ਕਿ ਮਰਨ ਵਾਲਿਆਂ ਦੇ ਮਾਂ ਬਾਪ, ਬੱਚੇ ਅਤੇ ਬੀਵੀ ਤੇ ਕੀ ਗੁਜ਼ਰਦੀ ਹੋਵੇਗੀ। ਹਰ ਰੋਜ਼ ਕਿੰਨੇ ਹੀ ਨੌਜਵਾਨ ਸਿਪਾਹੀ ਈਰਾਨ, ਈਰਾਕ, ਅਫ਼ਗਾਨਿਸਤਾਨ ਅਤੇ ਹੋਰ ਮੁਲਕਾਂ ਵਿੱਚ ਮਰਦੇ ਹਨ। ਅਸੀਂ ਮਾਰਨ ਲਈ ਹਥਿਆਰਾਂ ਦੀ ਨਵੀਂ ਤੋਂ ਨਵੀਂ ਤਰਕੀਬ ਲੱਭ ਲੈਂਦੇ ਹਾਂ ਪਰ ਇਨਸਾਨੀਅਤ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰਦੇ।

                                

ਹਿੰਦੁਸਤਾਨ ਦੀ ਵੰਡ ਵੇਲੇ ਕੋਈ 500,000 ਲੋਕ ਦੋਹਾਂ ਪਾਸਿਆਂ ਤੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ। ਕਿਉਂ? ਆਮ ਜਨਤਾ ਦਾ ਕੀ ਕਸੂਰ ਸੀ। ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਇਹ ਉਸਦਾ ਹੱਕ ਹੈ ਪਰ ਸਿਆਸਤਦਾਨ ਆਪਣਾ ਉੱਲੂ ਸਿੱਧਾ ਕਰਨ ਲਈ ਭੁੱਲ ਜਾਂਦੇ ਹਨ ਕਿ ਉਹ ਇਨਸਾਨੀਅਤ ਦਾ ਕਤਲੇਆਮ ਕਰਦੇ ਹਨ।

                           

ਮੇਰੇ ਡੈਡੀ ਪੁਲੀਸ ਵਿੱਚ ਸਨ। 1947 ਦੀ ਵੰਡ ਵੇਲੇ ਅਸੀਂ ਸਾਰੇ ਭੈਣ ਭਰਾ ਉਮਰ ਵਿੱਚ ਹਾਲੇ ਬੱਚੇ ਹੀ ਸਾਂ। ਮੇਰੇ ਡੈਡੀ ਨੇ ਕਈ ਸੌ ਪਰਵਾਰਾਂ ਦੀ ਜਾਨ ਬਚਾਈ। ਉਨ੍ਹਾਂ ਪਰਵਾਰਾਂ ਨੂੰ ਐਨ ਮੌਕੇ ਤੇ ਖ਼ਤਰੇ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਤਰ੍ਹਾਂ ਚੌਕਸ ਕਰਵਾ ਕੇ ਘਰਾਂ ਨੂੰ ਛੱਡ ਕੇ ਅਤੇ ਜਾਨਾਂ ਬਚਾਉਣ ਲਈ ਮਜਬੂਰ ਕੀਤਾ। ਅਖੀਰ ਉਨ੍ਹਾਂ ਨੂੰ ਬਚਾਉਂਦਿਆਂ ਇਕ ਦਿਨ ਆਪ ਹੀ ਮੌਤ ਦਾ ਸ਼ਿਕਾਰ ਹੋ ਗਏ। ਇਨਸਾਨੀਅਤ ਦੇ ਨਾਤੇ ਮੇਰੇ ਡੈਡੀ ਨੇ ਆਪਣਾ ਫਰਜ਼ ਨਿਭਾਇਆ। ਪਰ ਅਫ਼ਸੋਸ ਕਿ ਦੂਜਿਆਂ ਨੂੰ ਬਚਾਉਣ ਵਾਲੇ ਦਾ ਆਪਣਾ ਪਰਵਾਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਹਿੰਦੁਸਤਾਨ ਪਹੁੰਚਿਆ। ਘਰੋਂ ਬੇਘਰ ਹੋਇਆਂ ਨੂੰ ਕੋਈ ਵੀ ਮਦਦ ਨੂੰ ਨਹੀਂ ਸੀ ਪਹੁੰਚਿਆ।

                 

ਆਮ ਲੋਕੀਂ ਪੁਲੀਸ ਦੇ ਆਦਮੀਆਂ ਨੂੰ ਬੁਰਾ ਭਲਾ ਕਹਿੰਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਪੁਲੀਸ ਉਨ੍ਹਾਂ ਦੀ ਰੱਖਿਆ ਵੀ ਕਰਦੀ ਹੈ।

              

ਸਾਇੰਸਦਾਨਾਂ ਨੇ ਅਟੌਮਿਕ ਐਨਰਜੀ ਪੈਦਾ ਕੀਤੀ ਚੰਗੇ ਕੰਮਾਂ ਲਈ ਪਰ ਇਨਸਾਨਾਂ ਨੇ ਅਟੌਮਿਕ ਬੰਬ ਬਣਾ ਕੇ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਇਹ ਬੰਬ ਸੁੱਟ ਕੇ ਤਕਰੀਬਨ 100,000 ਲੋਕਾਂ ਨੂੰ ਮਾਰ ਦਿੱਤਾ, ਹਾਲਾਂਕਿ ਜਪਾਨੀਆਂ ਨੇ ਹਾਰ ਮੰਨ ਲਈ ਸੀ ਪਰ ਅਮਰੀਕਨਾਂ ਨੇ ਇਨਸਾਨੀਅਤ ਦਾ ਇਕ ਬਹੁਤ ਹੀ ਘਟੀਆ ਨਮੂਨਾ ਪੇਸ਼ ਕੀਤਾ।

                        

ਬਹੁਤ ਸਾਰੇ ਲੋਕ ਹਨ ਜੋ ਲੋਕ ਭਲਾਈ ਦਾ ਕੰਮ ਕਰਦੇ ਹਨ। ਬਹੁਤ ਸਾਰਾ ਪੈਸਾ ਲੋੜਵੰਦਾਂ ਲਈ ਦਾਨ ਦੇ ਰੂਪ ਵਿੱਚ  ਇਕੱਠਾ ਕੀਤਾ ਜਾਂਦਾ ਹੈ, ਪਰ ਕਿੰਨਾ ਕੁ ਪੈਸਾ ਠੀਕ ਟਿਕਾਣੇ ਤੇ ਪਹੁੰਚਦਾ ਹੈ, ਕੋਈ ਨਹੀਂ ਜਾਣਦਾ।

                            

ਇਨਸਾਨ ਜੰਮਦਾ ਵਹਿਸ਼ੀ ਨਹੀਂ ਹੁੰਦਾ, ਉਸਨੂੰ ਵਾਤਾਵਰਣ ਅਜਿਹਾ ਬਣਾ ਦਿੰਦਾ ਹੈ। ਜਿਸ ਮਹੌਲ ਵਿੱਚ ਉਹ ਪੈਦਾ ਹੁੰਦਾ ਹੈ ਉਸ ਅੰਦਰ ਓਸੇ ਤਰ੍ਹਾਂ ਦੇ ਗੁਣ ਅਉਗਣ ਪੈਦਾ ਹੋ ਜਾਂਦੇ ਹਨ।

               
ਇਨਸਾਨ ਨੇ ਤਰੱਕੀ ਵੀ ਬਹੁਤ ਕੀਤੀ ਹੈ ਪਰ ਉਸਦੇ ਅੰਦਰ ਇਨਸਾਨੀਅਤ ਦਾ ਘਾਟਾ ਹੈ।