ਮਈ 2009: ਸਲੱਮਡੌਗ ਮਿਲੀਅਨੇਅਰ

      

                                                   

 

      

ਇਸ ਪੰਨੇ ਤੇ ਛਪੇ ਲੇਖਕ:

ਪ੍ਰੇਮ ਮਾਨ

        

 
                                     
              
ਮਈ  2, 2009

        

ਸਲੱਮਡੌਗ ਮਿਲੀਅਨੇਅਰ

   -ਪ੍ਰੇਮ ਮਾਨ

 

ਸਲੱਮਡੌਗ ਮਿਲੀਅਨੇਅਰ ਦੀ ਬਹੁਤ ਤਾਰੀਫ਼ ਹੋ ਰਹੀ ਸੀ। ਅਮਰੀਕਾ ਵਿੱਚ ਹਰ ਕੋਈ ਕਹਿ ਰਿਹਾ ਸੀ ਕਿ ਇਹ ਬਹੁਤ ਵਧੀਆ ਫ਼ਿਲਮ ਹੈ। ਅਮਰੀਕਨ ਲੋਕ ਭਾਰੀ ਗਿਣਤੀ ਵਿੱਚ ਫ਼ਿਲਮ ਨੂੰ ਦੇਖਣ ਸਿਨਮਾ ਘਰਾਂ ਵਿੱਚ ਜਾ ਰਹੇ ਸਨ। ਫ਼ਿਲਮ ਬਹੁਤ ਹੀ ਪ੍ਰਸਿੱਧ ਅਤੇ ਸਤਿਕਾਰੇ ਜਾਂਦੇ ਕਈ ਆਸਕਰ ਇਨਾਮਾਂ ਲਈ ਵੀ ਨਾਮਜ਼ਦ ਕੀਤੀ ਗਈ ਸੀ। ਸੋ ਸੋਚਿਆ ਕਿ ਕਿਉਂ ਨਾ ਫ਼ਿਲਮ ਦੇਖੀ ਜਾਵੇ ਭਾਵੇਂ ਕਿ ਇਸਦਾ ਨਾਂ ਬਹੁਤ ਅਜੀਬ ਲੱਗ ਰਿਹਾ ਸੀ। ਸੋ, ਮੈਂ ਵੀ ਇਕ ਦਿਨ ਸਿਨਮਾ ਘਰ ਵਿੱਚ ਇਹ ਫ਼ਿਲਮ ਦੇਖਣ ਚਲੇ ਗਿਆ।

  

ਮੈਨੂੰ ਫ਼ਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਅਤੇ ਬਾਕੀ ਹਿੰਦੀ ਫ਼ਿਲਮਾਂ ਨਾਲੋਂ ਵੱਖਰੀ ਲੱਗੀ। ਫ਼ਿਲਮ ਦੀ ਕਹਾਣੀ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਗਰੀਬ ਝੁੱਗੀਆਂ (slums) ਵਿੱਚ ਜੰਮਿਆ ਪਲਿਆ ਲੜਕਾ ਕਿਵੇਂ ਮਿਲੀਅਨ ਰੁਪਈਆਂ ਲਈ ਇਕ ਟੀ.ਵੀ. ਸ਼ੋਅ ਵਲੋਂ ਕੀਤਾ ਗਿਆ ਮੁਕਾਬਲਾ (contest) ਸਾਰੇ ਸਵਾਲਾਂ ਦੇ ਜਵਾਬ ਠੀਕ ਦੇ ਕੇ ਜਿੱਤਦਾ ਹੈ। ਪਰ ਉਸਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਇਸ ਲੜਕੇ ਨੇ ਬੇਈਮਾਨੀ ਅਤੇ ਹੇਰਾ ਫੇਰੀ ਨਾਲ ਸਵਾਲਾਂ ਦੇ ਜਵਾਬ ਦੇ ਕੇ ਇਹ ਮੁਕਾਬਲਾ ਜਿੱਤਿਆ ਹੈ। ਉਹ ਲੜਕਾ ਪੁਲਿਸ ਇਨਸਪੈਕਟਰ ਨੂੰ ਦੱਸਦਾ ਹੈ ਕਿ ਉਸਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਜਿੰਦਗੀ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਤੋਂ ਮਿਲੇ ਹਨ। ਫ਼ਿਲਮ ਬਹੁਤਾ ਤਾਂ ਇਨ੍ਹਾਂ ਘਟਨਾਵਾਂ ਨੂੰ ਹੀ ਦਿਖਾਉਂਦੀ ਹੈ। ਬੱਸ ਇਹੋ ਹੀ ਇਸ ਫ਼ਿਲਮ ਦੀ ਕਹਾਣੀ ਹੈ। 

 

ਇਹ ਫ਼ਿਲਮ ਵਿਕਾਸ ਸਵਰੂਪ ਦੇ ਨਾਵਲ Q & A ਨੂੰ ਅਧਾਰ ਬਣਾ ਕੇ ਅਤੇ ਥੋੜਾ ਬਦਲ ਕੇ ਬਣਾਈ ਗਈ ਹੈ। ਇਹ ਫ਼ਿਲਮ ਬ੍ਰਿਟਿਸ਼ ਫ਼ਿਲਮ ਡਾਇਰੈਕਟਰ ਡੈਨੀ ਬੋਇਲ (Danny Boyle) ਵਲੋਂ ਹਿੰਦੁਸਤਾਨੀ ਡਾਇਰੈਕਟਰ ਲਵਲੀਨ ਟੰਡਨ ਨਾਲ ਰਲ ਕੇ ਡਾਇਰੈਕਟ ਕੀਤੀ ਗਈ ਹੈ। ਇਹ ਫ਼ਿਲਮ ਜੋ ਕਿ 2008 ਵਿੱਚ ਬਣਾਈ ਗਈ ਸੀ, ਦਸ ਅਕੈਡਮੀ ਇਨਾਮਾਂ ਲਈ ਨਾਮਜ਼ਦ ਕੀਤੀ ਗਈ ਸੀ ਅਤੇ ਇਸ ਨੇ ਇਨ੍ਹਾਂ ਵਿੱਚੋਂ ਅੱਠ ਇਨਾਮ ਜਿੱਤ ਲਏ ਸਨ। ਇਨ੍ਹਾਂ ਅਕੈਡਮੀ ਇਨਾਮਾਂ ਨੂੰ ਆਮ ਤੌਰ ਤੇ ਆਸਕਰ ਇਨਾਮ (Oscars) ਵੀ ਕਿਹਾ ਜਾਂਦਾ ਹੈ ਅਤੇ ਇਹ ਅਮਰੀਕਾ ਦੀ Academy of Motion Picture Arts and Sciences ਵਲੋਂ ਦਿੱਤੇ ਜਾਂਦੇ ਹਨ। ਇਨ੍ਹਾਂ ਇਨਾਮਾਂ ਤੋਂ ਬਿਨਾਂ ਇਸ ਫ਼ਿਲਮ ਨੇ ਕਈ ਹੋਰ ਇਨਾਮ ਵੀ ਜਿੱਤੇ ਹਨ। 

 

ਫ਼ਿਲਮ ਦੇ ਨਾਂ ਬਾਰੇ ਜੋ ਵਾਦ-ਵਿਵਾਦ ਛਿੜਿਆ ਹੈ, ਉਸ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ। ਫ਼ਿਲਮ ਦੀ ਕਹਾਣੀ ਖ਼ੂਬਸੂਰਤ ਹੋਣ ਦੇ ਬਾਵਜੂਦ ਫ਼ਿਲਮ ਵਿੱਚ ਕੁਝ ਚੀਜ਼ਾਂ ਅਜਿਹੀਆਂ ਦਿਖਾਈਆਂ ਗਈਆਂ ਹਨ ਜੋ ਨਹੀਂ ਦਿਖਾਉਣੀਆਂ ਚਾਹੀਦੀਆਂ ਸੀ। ਅਸੂਲ ਦੋ ਤਰ੍ਹਾਂ ਦੇ ਹੁੰਦੇ ਹਨ - ਲਿਖਤੀ ਅਤੇ ਅਣਲਿਖਤ। ਕੁਝ ਅਸੂਲ ਤਾਂ ਲਿਖਤੀ ਰੂਪ ਵਿੱਚ ਕਨੂੰਨ ਦੇ ਤੌਰ ਤੇ ਹੁੰਦੇ ਹਨ ਜਿਨ੍ਹਾਂ ਦੀ ਉਲੰਘਣਾ ਕਰਨਾ ਮਨ੍ਹਾਂ ਹੁੰਦਾ ਹੈ। ਪਰ ਕੁਝ ਅਸੂਲ ਲਿਖਤੀ ਰੂਪ ਵਿੱਚ ਨਹੀਂ ਹੁੰਦੇ ਪਰ ਅਸੀਂ ਇਨਸਾਨੀਅਤ ਅਤੇ ਤਹਿਜ਼ੀਬ ਦੇ ਤੌਰ ਤੇ ਇਨ੍ਹਾਂ ਨੂੰ ਭੰਗ ਨਹੀਂ ਕਰਦੇ। ਇਸ ਫ਼ਿਲਮ ਵਿੱਚ ਵੀ ਕੁਝ ਅਜਿਹੇ ਦ੍ਰਿਸ਼ ਦਿਖਾਏ ਗਏ ਹਨ ਜੋ ਇਨਸਾਨੀਅਤ ਦੇ ਅਧਾਰ ਤੇ ਨਹੀਂ ਸਨ ਦਿਖਾਉਣੇ ਚਾਹੀਦੇ। 

 

ਫ਼ਿਲਮ ਵਿੱਚ ਇਕ ਇਹੋ ਜਿਹਾ ਗਿਰੋਹ ਦਿਖਾਇਆ ਗਿਆ ਹੈ ਜੋ ਬੱਚਿਆਂ ਨੂੰ ਅਗਵਾ ਕਰ ਕੇ ਲੈ ਆਉਂਦਾ ਹੈ ਅਤੇ ਫਿਰ ਉਨ੍ਹਾਂ ਦੀਆਂ ਅੱਖਾਂ ਕੱਢ ਕੇ ਉਨ੍ਹਾਂ ਤੋਂ ਭੀਖ ਮੰਗਣ ਦਾ ਕੰਮ ਕਰਾਉਂਦਾ ਹੈ। ਫ਼ਿਲਮ ਵਿੱਚ ਇਸ ਗਿਰੋਹ ਦੇ ਆਦਮੀਆਂ ਨੂੰ ਬੱਚਿਆਂ ਦੀਆਂ ਅੱਖਾਂ ਕੱਢਦਿਆਂ ਦਿਖਾਇਆ ਗਿਆ ਹੈ। ਇਸ ਦ੍ਰਿਸ਼ ਨੂੰ ਫ਼ਿਲਮ ਵਿੱਚ ਦੇਖ ਕੇ ਦਰਸ਼ਕ ਦਾ ਜੀਅ ਫ਼ਿਲਮ ਵਿੱਚੋਂ ਉੱਠ ਕੇ ਚਲੇ ਜਾਣ ਅਤੇ ਉਲਟੀਆਂ ਕਰਨ ਨੂੰ ਕਰਦਾ ਹੈ। ਇਹ ਦ੍ਰਿਸ਼ ਇਤਨਾ ਘਿਨਾਉਣਾ ਅਤੇ ਬਦਸੂਰਤ ਹੈ ਕਿ ਕੋਈ ਵੀ ਇਨਸਾਨ ਜਿਸਦੇ ਕੋਲ ਦਿਲ ਹੈ ਇਸ ਦ੍ਰਿਸ਼ ਨੂੰ ਨਹੀਂ ਦੇਖ ਸਕਦਾ ਅਤੇ ਇਸ ਦ੍ਰਿਸ਼ ਨੂੰ ਫ਼ਿਲਮ ਵਿੱਚ ਇਸ ਢੰਗ ਨਾਲ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਸੀ। ਇਸ ਦ੍ਰਿਸ਼ ਨੂੰ ਦੇਖ ਕੇ ਬਾਹਰਲੇ ਮੁਲਕਾਂ ਦੇ ਲੋਕ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਬਾਰੇ ਕੀ ਸੋਚਦੇ ਹੋਣਗੇ, ਇਹ ਉਹ ਹੀ ਜਾਣਦੇ ਹਨ।  

 

ਇਕ ਹੋਰ ਦ੍ਰਿਸ਼ ਜੋ ਬਹੁਤ ਹੀ ਘਟੀਆ ਕਿਸਮ ਦਾ ਹੈ ਉਹ ਇਸ ਤਰ੍ਹਾਂ ਹੈ। ਇਨ੍ਹਾਂ ਝੁੱਗੀਆਂ ਵਿੱਚ ਇਕ ਖੋਖੇ ਵਾਂਗ ਬਣਾਈ ਲੈਟਰੀਨ ਹੈ। ਉਸ ਵਿੱਚ ਇਕ ਬੱਚਾ ਆਪਣਾ ਕੱਛਾ-ਪਜਾਮਾ ਖੋਲੀ ਬੈਠਾ ਟੱਟੀ ਜਾਂਦਾ ਦਿਖਾਇਆ ਹੈ ਜਿਸਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਸੀ। ਟੱਟੀ ਬੈਠਾ ਉਹ ਬੱਚਾ ਬਾਹਰੋਂ ਅਮਿਤਾਭ ਬਚਨ ਦੇ ਆਉਣ ਦੀ ਅਵਾਜ਼ ਸੁਣਦਾ ਹੈ ਅਤੇ ਬਾਹਰ ਨਿਕਲਣ ਲਈ ਉਹ ਥੱਲੇ ਟੱਟੀ ਵਿੱਚ ਛਾਲ ਮਾਰ ਦਿੰਦਾ ਹੈ ਕਿਉਂਕਿ ਬਾਹਰ ਪੈਸੇ ਵਸੂਲ ਕਰਨ ਲਈ ਬੈਠਾ ਲੜਕਾ ਬਾਹਰੋਂ ਕੁੰਡਾ ਲਾ ਦਿੰਦਾ ਹੈ। ਸੋ ਟੱਟੀ ਨਾਲ ਲਿਬੜਿਆ ਇਹ ਲੜਕਾ ਸੈਂਕੜੇ ਲੋਕਾਂ ਦੀ ਭੀੜ ਵਿੱਚ ਜਾ ਕੇ ਅਮਿਤਾਭ ਬਚਨ ਤੋਂ ਇਕ ਪੇਪਰ ਤੇ ਦਸਖ਼ਤ (autograph) ਕਰਵਾ ਲੈਂਦਾ ਹੈ। ਇਹ ਬਹੁਤ ਹੀ ਭੈੜਾ ਕਲਪਿਤ (unrealistic) ਦ੍ਰਿਸ਼ ਹੈ ਜਿਸਦਾ ਕਹਾਣੀ ਨਾਲ ਕੋਈ ਸੰਬੰਧ ਨਹੀਂ। ਅਮਿਤਾਭ ਬਚਨ ਦੇ ਦਸਖ਼ਤ ਟੱਟੀ ਨਾਲ ਲਿੱਬੜਨ ਤੋਂ ਬਗੈਰ ਵੀ ਲਏ ਜਾ ਸਕਦੇ ਸਨ। ਇਕ ਬਾਰ ਫਿਰ ਇਸ ਦ੍ਰਿਸ਼ ਨੂੰ ਦੇਖ ਕੇ ਬਾਹਰਲੇ ਮੁਲਕਾਂ ਦੇ ਲੋਕ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਬਾਰੇ ਕੀ ਸੋਚਦੇ ਹੋਣਗੇ? ਇਹੋ ਜਿਹੇ ਦ੍ਰਿਸ਼ ਦਿਖਾ ਕੇ ਇਸ ਫ਼ਿਲਮ ਵਿੱਚ ਗਰੀਬੀ ਦਾ ਜਿਸ ਤਰ੍ਹਾਂ ਮਖੌਲ ਉਡਾਇਆ ਗਿਆ ਹੈ, ਉਸ ਦੀ ਕੋਈ ਲੋੜ ਨਹੀਂ ਸੀ। 

 

ਇਕ ਹੋਰ ਦ੍ਰਿਸ਼ ਜਿਸ ਨੂੰ ਮੈਂ ਠੀਕ ਨਹੀਂ ਸਮਝਿਆ ਉਹ ਹੈ ਕਿ ਫ਼ਿਲਮ ਵਿੱਚ ਹਿੰਦੁਸਤਾਨੀ ਪੁਲਿਸ ਦਾ ਸਿਪਾਹੀ ਬਹੁਤ ਹੀ ਭੈੜੀਆਂ ਅਤੇ ਗੰਦੀਆਂ ਗਾਲ੍ਹਾਂ ਕੱਢਦਾ ਦਿਖਾਇਆ ਗਿਆ ਹੈ ਜੋ ਕਿ ਪਰਵਾਰ ਨਾਲ ਬੈਠਿਆਂ ਸੁਣ ਕੇ ਸ਼ਰਮ ਆਉਂਦੀ ਹੈ। ਭਾਵੇਂ ਸਾਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਪੁਲਿਸ ਇਹੋ ਜਿਹਾ ਵਰਤਾਰਾ ਆਮ ਕਰਦੀ ਹੈ ਪਰ ਇਸ ਨੂੰ ਫ਼ਿਲਮ ਵਿੱਚ ਇਸ ਤਰ੍ਹਾਂ ਦਿਖਾਉਣਾ ਠੀਕ ਨਹੀਂ ਸੀ। 

 

ਫਿਰ ਝੁੱਗੀਆਂ ਵਿੱਚ ਜੰਮੇ ਪਲੇ ਇਕ ਜੁਆਨ ਲੜਕੇ ਨੂੰ ਆਪਣੇ ਭਰਾ ਦੀ ਮਾਸ਼ੂਕ ਦਾ ਬਲਾਤਕਾਰ ਅਜੀਬ ਢੰਗ ਨਾਲ ਕਰਦਿਆਂ ਦਿਖਾਇਆ ਹੈ। ਇਹ ਦ੍ਰਿਸ਼ ਵੀ ਬਹੁਤ ਕੋਝਾ ਦ੍ਰਿਸ਼ ਹੈ। 

 

ਕੀ ਇਹ ਫ਼ਿਲਮ ਇੰਨੇ ਇਨਾਮਾਂ ਦੀ ਅਧਿਕਾਰੀ ਹੈ ਜਿੰਨੇ ਇਸਨੂੰ ਮਿਲੇ ਹਨ? ਮੇਰੇ ਵਿਚਾਰ ਅਨੁਸਾਰ ਇਸਦਾ ਉੱਤਰ ਨਾਂਹ ਵਿੱਚ ਹੈ। ਕੀ ਇਸਨੂੰ ਕਈ ਇਨਾਮ ਇਸ ਕਰਕੇ ਵੀ ਮਿਲੇ ਹੋਣ ਕਿ ਇਸਦਾ ਡਾਇਰੈਕਟਰ ਬ੍ਰਿਟਿਸ਼ ਹੈ? ਇਸਦਾ ਜਵਾਬ ਕਿਸੇ ਨੂੰ ਨਹੀਂ ਪਤਾ। 

 

ਇਸ ਫ਼ਿਲਮ ਨੇ ਖ਼ੂਬਸੂਰਤ ਫ਼ਰੀਦਾ ਪਿੰਟੋ ਨੂੰ ਇਕ ਬਹੁਤ ਹੀ ਖ਼ੂਬਸੂਰਤ ਐਕਟਰੈਸ ਬਣਾ ਦਿੱਤਾ ਹੈ। ਫ਼ਰੀਦਾ ਨੇ ਆਪਣੀ ਭੂਮਿਕਾ ਬਹੁਤ ਹੀ ਨਿਪੁੰਨਤਾ ਨਾਲ ਨਿਭਾਈ ਹੈ ਅਤੇ ਇਸੇ ਕਾਰਨ ਉਸਨੂੰ ਅਗਲੀ ਫ਼ਿਲਮ ਲਈ ਸਭ ਤੋਂ ਵੱਧ ਪੈਸੇ ਮਿਲੇ ਹਨ। ਫ਼ਰੀਦਾ ਵਿੱਚ ਨਿਪੁੰਨ ਅੰਤਰ-ਰਾਸ਼ਟਰੀ ਪੱਧਰ ਦੀ ਅਭਿਨੇਤਰੀ ਬਣਨ ਦੀ ਕਲਾ ਹੈ। 

ਦੇਵ ਪਟੇਲ ਨੇ ਆਪਣੀ ਭੂਮਿਕਾ ਠੀਕ ਠਾਕ ਹੀ ਨਿਭਾਈ ਹੈ। ਅਨਿਲ ਕਪੂਰ ਮੈਨੂੰ ਕਦੇ ਵੀ ਪਸੰਦ ਨਹੀਂ ਆਇਆ। ਜੇ ਅਨਿਲ ਕਪੂਰ ਦੀ ਥਾਂ ਉਸ ਵਾਲੀ ਭੂਮਿਕਾ ਅਮਿਤਾਭ ਬਚਨ ਨਿਭਾਉਂਦਾ ਤਾਂ ਉਸਨੇ ਇਸ ਭੂਮਿਕਾ ਵਿੱਚ ਜਾਨ ਪਾ ਦੇਣੀ ਸੀ।