ਸਾਡੀਆਂ ਆਦਤਾਂ, ਸਾਡੇ ਸੁਭਾ: ਇਖ਼ਲਾਕ ਅਤੇ ਕਦਰਾਂ-ਕੀਮਤਾਂ ਦਾ ਦੀਵਾਲਾਪਣ
-ਪ੍ਰੇਮ ਮਾਨ
ਅਗਸਤ 16, 2011 ਤੋਂ ਸਤੰਬਰ 4, 2011 ਤੱਕ ਦੇ 20 ਕੁ ਦਿਨਾਂ ਵਿੱਚ ਤਿੰਨ ਖ਼ਬਰਾਂ ਟੈਲੀਵਿਜ਼ਨ ਉੱਤੇ, ਅਖ਼ਬਾਰਾਂ ਵਿੱਚ, ਅਤੇ ਇੰਟਰਨੈੱਟ ਤੇ ਛਪੀਆਂ ਸਨ ਜਿਨ੍ਹਾਂ ਨੂੰ ਦੇਖ-ਪੜ੍ਹ ਕੇ ਦਿਲ ਵਿੱਚ ਕਈ ਸਵਾਲ ਪੈਦਾ ਹੋਏ। ਇਹ ਤਿੰਨੇ ਖ਼ਬਰਾਂ ਨਿਊ ਯਾਰਕ ਦੇ ਆਲੇ-ਦੁਆਲੇ ਦੀਆਂ ਸਨ ਜਿਨ੍ਹਾਂ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਲੋਕ ਸ਼ਾਮਲ ਸਨ। ਇਨ੍ਹਾਂ ਖ਼ਬਰਾਂ ਨੂੰ ਪੜ੍ਹ ਸੁਣ ਕੇ ਸ਼ਰਮ ਨਾਲ ਸਿਰ ਝੁਕ ਰਿਹਾ ਸੀ ਅਤੇ ਬਾਰ ਬਾਰ ਇਹ ਸੋਚ ਆ ਰਹੀ ਸੀ ਕਿ ਸਾਡੇ ਇਖ਼ਲਾਕ ਅਤੇ ਕਦਰਾਂ-ਕੀਮਤਾਂ ਕਿੱਥੇ ਗੁੰਮ ਹੋ ਗਏ ਹਨ।
ਪਹਿਲੀ ਖ਼ਬਰ ਸਿਰਫ਼ ਖ਼ਬਰ ਹੀ ਨਹੀਂ ਸਗੋਂ ਬਹੁਤ ਹੀ ਦਰਦਨਾਕ ਅਤੇ ਦੁਖਦਾਈ ਘਟਨਾ ਹੈ ਜੋ 16 ਅਗਸਤ 2011 ਨੂੰ ਅਮਰੀਕਾ ਦੇ ਨਿਊ ਯਰਸੀ ਸੂਬੇ ਦੇ ਛੋਟੇ ਜਿਹੇ ਸ਼ਹਿਰ ਬੂਨਟਨ ਵਿੱਚ ਵਾਪਰੀ ਸੀ ਜੋ ਨਿਊ ਯਾਰਕ ਸ਼ਹਿਰ ਤੋਂ ਤੀਹ ਕੁ ਮੀਲ ਬਾਹਰ ਹੈ। ਅਗਸਤ 16 ਦੀ ਰਾਤ ਸੀ। ਕਾਸ਼ਿਫ਼ ਪਰਵੇਜ਼ (ਉਮਰ 26 ਸਾਲ), ਉਸ ਦੀ ਪਤਨੀ ਨਾਜਿਸ਼ ਨੂਰਾਨੀ (ਉਮਰ 27 ਸਾਲ), ਅਤੇ ਉਨ੍ਹਾਂ ਦਾ ਤਿੰਨ ਸਾਲਾਂ ਦਾ ਬੱਚਾ ਨੂਰਾਨੀ ਦੀ ਭੈਣ ਦੇ ਘਰੋਂ ਰਾਤ ਦੇ 11:30 ਵਜੇ ਤੁਰ ਕੇ ਨੂਰਾਨੀ ਦੇ ਮਾਤਾ-ਪਿਤਾ ਦੇ ਘਰ ਨੂੰ ਜਾ ਰਹੇ ਸਨ ਜੋ ਬਹੁਤਾ ਦੂਰ ਨਹੀਂ ਸੀ। ਪਾਕਿਸਤਾਨੀ ਮੂਲ ਦਾ ਕਾਸ਼ਿਫ਼ ਨਿਊ ਯਾਰਕ ਸ਼ਹਿਰ ਦੇ ਬਰੁੱਕਲਿਨ ਹਿੱਸੇ ਵਿੱਚ ਜੰਮਿਆਂ ਤੇ ਪਲਿਆ ਸੀ। ਨੂਰਾਨੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਜੰਮੀ ਪਲੀ ਸੀ। ਜਦੋਂ ਕਾਸ਼ਿਫ਼, ਨੂਰਾਨੀ, ਅਤੇ ਉਨ੍ਹਾਂ ਦਾ ਬੱਚਾ ਨੂਰਾਨੀ ਦੀ ਭੈਣ ਦੇ ਘਰੋਂ ਨੂਰਾਨੀ ਦੇ ਮਾਤਾ-ਪਿਤਾ ਦੇ ਘਰ ਨੂੰ ਜਾ ਰਹੇ ਸਨ ਤਾਂ ਇਕ ਕਾਰ ਉਨ੍ਹਾਂ ਦੇ ਨੇੜੇ ਆ ਕੇ ਸੜਕ ਤੇ ਰੁਕੀ ਅਤੇ ਕਾਰ ਵਿੱਚੋਂ ਕਿਸੇ ਨੇ ਧੜਾ-ਧੜ ਗੋਲੀਆਂ ਚਲਾ ਕੇ ਨੂਰਾਨੀ ਨੂੰ ਤਾਂ ਜਾਨੋਂ ਹੀ ਮਾਰ ਦਿੱਤਾ ਅਤੇ ਕਾਸ਼ਿਫ਼ ਥੋੜ੍ਹਾ ਜਿਹਾ ਫੱਟੜ ਹੋ ਗਿਆ। ਬੱਚੇ ਨੂੰ ਕੋਈ ਗੋਲੀ ਨਾ ਮਾਰੀ ਗਈ। ਕੁਝ ਹੀ ਮਿੰਟਾਂ ਵਿੱਚ ਪੁਲਿਸ ਆ ਗਈ। ਕਾਸ਼ਿਫ਼ ਨੂੰ ਜਦੋਂ ਪੁਲਿਸ ਨੇ ਇਸ ਵਾਰਦਾਤ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਗੋਰੇ ਅਤੇ ਤਿੰਨ ਕਾਲੇ ਬੰਦਿਆਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ, ਬੁਰਾ-ਭਲਾ ਕਿਹਾ, ਨਫ਼ਰਤ ਭਰੇ ਨਸਲੀ ਸ਼ਬਦ ਵੀ ਆਖੇ, ਅਤੇ ਫਿਰ ਗੋਲੀਆਂ ਮਾਰ ਕੇ ਭੱਜ ਗਏ। ਨੂਰਾਨੀ ਨੂੰ ਤਾਂ ਗੋਲੀਆਂ ਮਾਰਨ ਵਾਲੇ ਨੇ ਜਾਨੋਂ ਹੀ ਖ਼ਤਮ ਕਰ ਦਿੱਤਾ ਪਰ ਕਾਸ਼ਿਫ਼ ਦੇ ਜ਼ਖਮ ਐਵੇਂ ਫ਼ਰਜ਼ੀ ਜਿਹੇ ਹੀ ਸਨ। ਪੁਲਿਸ ਨੂੰ ਕਾਸ਼ਿਫ਼ ਦੀਆਂ ਗੱਲਾਂ ਤੇ ਯਕੀਨ ਨਾ ਆਇਆ। ਦੋ ਕੁ ਦਿਨ ਹੋਰ ਪੁੱਛ ਪੜਤਾਲ ਕਰਨ ਤੋਂ ਬਾਦ ਪੁਲਿਸ ਨੇ ਪਤਾ ਲਾ ਲਿਆ ਕਿ ਇਹ ਸਾਰੀ ਸਾਜ਼ਿਸ਼ ਕਾਸ਼ਿਫ਼ ਦੀ ਹੀ ਸੀ ਜਿਸ ਵਿੱਚ ਉਸ ਦੀ ਇਕ ਦੋਸਤ ਐਂਟਨੈਟ ਉਸ ਦੀ ਸਹਾਇਕ ਸੀ। ਇਹ ਸਾਰੀ ਸਾਜ਼ਿਸ਼ ਇਨ੍ਹਾਂ ਦੋਹਾਂ ਨੇ ਰਲ ਕੇ ਘੜੀ ਸੀ ਜਿਸ ਅਨੁਸਾਰ ਐਂਟਨੈਟ ਨੇ ਮਿਥੇ ਸਮੇਂ ਤੇ ਆ ਕੇ ਗੋਲੀਆਂ ਮਾਰ ਕੇ ਨੂਰਾਨੀ ਨੂੰ ਜਾਨੋਂ ਹੀ ਮਾਰਨਾ ਸੀ ਅਤੇ ਕਾਸ਼ਿਫ਼ ਨੂੰ ਫ਼ਰਜ਼ੀ ਜਿਹਾ ਫੱਟੜ ਕਰਨਾ ਸੀ। ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਕਾਸ਼ਿਫ਼ ਬਾਸਟਨ ਸ਼ਹਿਰ ਵਿੱਚ ਰਹਿਣ ਲੱਗ ਪਿਆ ਸੀ ਜੋ ਨਿਊ ਯਾਰਕ ਤੋਂ 200 ਮੀਲ ਦੂਰ ਹੈ। ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਹਾਰਵਰਡ ਯੂਨੀਵਰਸਿਟੀ (ਜੋ ਕਿ ਬਾਸਟਨ ਵਿੱਚ ਹੈ) ਵਿੱਚ ਪੀ.ਐਚ.ਡੀ. ਕਰ ਰਿਹਾ ਸੀ। ਪਰ ਇਸ ਘਟਨਾ ਤੋਂ ਬਾਦ ਹਾਰਵਰਡ ਯੂਨੀਵਰਸਿਟੀ ਵਿੱਚ ਪੁੱਛ-ਗਿੱਛ ਕਰਨ ਤੋਂ ਬਾਦ ਪਤਾ ਲੱਗਾ ਕਿ ਇਹ ਸਭ ਨਿਰਾ ਝੂਠ ਸੀ। ਬਾਸਟਨ ਵਿੱਚ ਹੀ ਕਾਸ਼ਿਫ਼ ਐਂਟਨੈਟ ਨੂੰ ਮਿਲਿਆ ਸੀ ਅਤੇ ਉੱਥੇ ਹੀ ਦੋਹਾਂ ਨੇ ਰਲ ਕੇ ਇਹ ਸਾਰੀ ਯੋਜਨਾ ਬਣਾਈ ਸੀ ਜਿਸ ਦੇ ਸਬੂਤ ਦੋਹਾਂ ਵੱਲੋਂ ਮੋਬਾਈਲ ਫੋਨਾਂ ਤੇ ਇਕ ਦੂਜੇ ਨੂੰ ਭੇਜੇ ਗਏ ਸੁਨੇਹੇ ਵੀ ਸਨ। ਰਿਸ਼ਤੇਦਾਰਾਂ ਅਨੁਸਾਰ ਕਾਸ਼ਿਫ਼ ਅਤੇ ਨੂਰਾਨੀ ਦਾ ਆਪੋ ਵਿੱਚ ਝਗੜਾ ਰਹਿੰਦਾ ਸੀ ਅਤੇ ਦੋਹਾਂ ਦੀ ਆਪੋ ਵਿੱਚ ਬਿਲਕੁਲ ਨਹੀਂ ਸੀ ਬਣਦੀ। ਇਸੇ ਝਗੜੇ ਕਾਰਨ ਕਾਸ਼ਿਫ਼ ਚਾਹੁੰਦਾ ਸੀ ਕਿ ਨੂਰਾਨੀ ਨੂੰ ਮਾਰ ਕੇ ਉਹ ਆਪਣਾ ਰਾਹ ਸਾਫ਼ ਕਰ ਲਵੇ। ਇਸ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਨੂਰਾਨੀ ਨੇ ਆਪਣੇ ਭਰਾ ਨੂੰ ਉਸ ਦੇ ਮੋਬਾਈਲ ਤੇ ਭੇਜੇ ਇਕ ਸੁਨੇਹੇ ਵਿੱਚ ਕਿਹਾ ਸੀ ਕਿ ਜੇ ਉਹ ਮਰੀ ਹੋਈ ਲੱਭੀ ਤਾਂ ਇਹ ਸਾਜ਼ਿਸ਼ ਕਾਸ਼ਿਫ਼ ਦੀ ਹੋਵੇਗੀ। ਕਾਸ਼ਿਫ਼ ਦੇ ਇਸ ਜੁਰਮ ਅਤੇ ਬੇਵਕੂਫ਼ੀ ਕਾਰਨ ਨੂਰਾਨੀ ਦੀ ਜਾਨ ਚਲੇ ਗਈ ਅਤੇ ਉਸ ਦੇ ਪਰਿਵਾਰ ਲਈ ਇਹ ਇਕ ਸਦੀਵੀ ਪੀੜ ਅਤੇ ਦੁੱਖ ਵਾਲੀ ਘਟਨਾ ਬਣ ਗਈ। ਕਾਸ਼ਿਫ਼ ਅਤੇ ਨੂਰਾਨੀ ਦੇ ਦੋ ਬੱਚੇ ਯਤੀਮ ਹੋ ਗਏ। ਕਾਸ਼ਿਫ਼ ਅਤੇ ਐਂਟਨੈਟ ਸਾਰੀ ਉਮਰ ਜੇਲ੍ਹ ਵਿੱਚ ਕੱਟਣਗੇ। ਇਸ ਘਟਨਾ ਵਿੱਚੋਂ ਕਿੱਸੇ ਨੂੰ ਵੀ ਕੋਈ ਜਿੱਤ ਪ੍ਰਾਪਤ ਨਹੀਂ ਹੋਈ ਸਗੋਂ ਸਾਰੇ ਹੀ ਹਾਰੇ ਹਨ ਅਤੇ ਦੁਖੀ ਹੋਏ ਹਨ। ਜੇ ਕਾਸ਼ਿਫ਼ ਅਤੇ ਨੂਰਾਨੀ ਦੀ ਸ਼ਾਦੀ ਸਫਲ ਨਹੀਂ ਸੀ ਤਾਂ ਇਸ ਸਮੱਸਿਆ ਨੂੰ ਹੋਰ ਕਈ ਤਰੀਕਿਆਂ ਨਾਲ ਸੁਲਝਾਇਆ ਜਾ ਸਕਦਾ ਸੀ। ਇਸ ਸਮੱਸਿਆ ਨੂੰ ਸਿਆਣਪ ਵਰਤ ਕੇ, ਵਾਰਤਾਲਾਪ ਦੇ ਰਾਹੀਂ, ਪਰਿਵਾਰ ਦੀ ਮਦਦ ਰਾਹੀਂ, ਜਾਂ ਇਸ ਖੇਤਰ ਵਿੱਚ ਨਿਪੁੰਨ ਸਲਾਹਕਾਰਾਂ (counselors) ਦੇ ਮਸ਼ਵਰੇ ਨਾਲ ਹੱਲ ਕੀਤਾ ਜਾ ਸਕਦਾ ਸੀ। ਜੇ ਕਿਸੇ ਵੀ ਢੰਗ ਨਾਲ ਇਹ ਸਮੱਸਿਆਵਾਂ ਹੱਲ ਨਾ ਹੁੰਦੀਆਂ ਤਾਂ ਤਲਾਕ ਦਾ ਰਾਹ ਅਪਣਾਇਆ ਜਾ ਸਕਦਾ ਸੀ। ਪਰ ਕਿਸੇ ਦੀ ਜਾਨ ਖ਼ਤਮ ਕਰਨਾ ਬਿਲਕੁਲ ਹੀ ਗ਼ਲਤ ਅਤੇ ਘਿਣਾਉਣਾ ਤਰੀਕਾ ਹੈ ਇਸ ਸਮੱਸਿਆ ਦਾ ਹੱਲ ਲੱਭਣ ਲਈ।
ਦੂਜੀ ਘਟਨਾ ਦੀ ਖ਼ਬਰ 1 ਸਤੰਬਰ 2011 ਦੁਆਲੇ ਨਿਊ ਯਾਰਕ ਦੇ ਅਖ਼ਬਾਰਾਂ ਵਿੱਚ ਅਤੇ ਇੰਟਰਨੈੱਟ ਤੇ ਛਪੀ ਸੀ। ਇਹ ਖ਼ਬਰ ਨਿਊ ਯਾਰਕ ਸ਼ਹਿਰ ਤੋਂ ਥੋੜ੍ਹੀ ਦੂਰ ਵਸਦੇ ਸ਼ਹਿਰ ਸਪਰਿੰਗ ਵੈਲੀ ਦੀ ਹੈ ਅਤੇ ਇਸ ਅਨੁਸਾਰ ਇਕ ਆਦਮੀ ਨੇ, ਜਿਸ ਦਾ ਨਾਮ ਅਖ਼ਬਾਰਾਂ ਵਿੱਚ ਨਹੀਂ ਸੀ ਦਿੱਤਾ ਗਿਆ ਅਤੇ ਜੋ ਅਮਰੀਕਾ ਵਿੱਚ ਪੱਕਾ ਨਹੀਂ ਸੀ, ਇਕ ਸਟੋਰ ਤੋਂ ਨਿਊ ਯਾਰਕ ਦੀ ਲਾਟਰੀ ਦਾ ਇਕ ਟਿਕਟ ਖ਼ਰੀਦਿਆ। ਇਹ ਸਟੋਰ ਰਿਆਜ਼ ਖ਼ਾਨ ਦਾ ਹੈ, ਆਤਿਫ਼ ਅਲੀ ਇੱਥੇ ਕੰਮ ਕਰਦਾ ਹੈ, ਅਤੇ ਮੂਬੀਨ ਅਸ਼ਰਫ਼ ਇਨ੍ਹਾਂ ਦਾ ਦੋਸਤ ਹੈ। ਉਸ ਆਦਮੀ ਨੇ ਇਹ ਟਿਕਟ 3 ਫਰਵਰੀ 2011 ਨੂੰ ਖ਼ਰੀਦਿਆ ਸੀ। ਜਦੋਂ ਇਸ ਲਾਟਰੀ ਦਾ ਨਤੀਜਾ ਆਇਆ ਤਾਂ ਉਹ ਟਿਕਟ ਤਿੰਨ ਮਿਲੀਅਨ (ਜਾਣੀ ਕਿ 30 ਲੱਖ) ਡਾਲਰ ਦੇ ਇਨਾਮ ਦਾ ਜੇਤੂ ਸੀ। ਜਦੋਂ ਉਹ ਆਦਮੀ ਇਹ ਟਿਕਟ ਲੈ ਕੇ ਉਸ ਸਟੋਰ ਤੇ ਗਿਆ ਇਹ ਪਤਾ ਕਰਨ ਲਈ ਕਿ ਉਹ ਇਹ ਪੈਸੇ ਕਿਵੇਂ ਵਸੂਲ ਕਰ ਸਕਦਾ ਹੈ ਤਾਂ ਉਸ ਵੇਲੇ ਆਤਿਫ਼ ਅਲੀ ਸਟੋਰ ਤੇ ਕੰਮ ਕਰ ਰਿਹਾ ਸੀ। ਆਤਿਫ਼ ਨੇ ਰਿਆਜ਼ ਅਤੇ ਮੂਬੀਨ ਨਾਲ ਸਲਾਹ ਕਰ ਕੇ ਉਸ ਆਦਮੀ ਨੂੰ ਕਾਫ਼ੀ ਡਰਾਇਆ ਕਿ ਉਹ ਇੱਥੇ ਪੱਕਾ ਨਹੀਂ ਅਤੇ ਜੇ ਉਸ ਨੇ ਇਹ ਪੈਸੇ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਦੀ ਸਰਕਾਰ ਉਸ ਨੂੰ ਵਾਪਸ ਉਸ ਦੇ ਮੁਲਕ ਭੇਜ ਦੇਵੇਗੀ। ਇਸ ਤਰ੍ਹਾਂ ਉਹ ਪੈਸੇ ਵੀ ਵਸੂਲ ਨਹੀਂ ਕਰ ਸਕੇਗਾ ਅਤੇ ਉਸ ਨੂੰ ਅਮਰੀਕਾ ਵੀ ਛੱਡਣਾ ਪਵੇਗਾ। ਆਤਿਫ਼ ਅਤੇ ਉਸ ਦੇ ਸਾਥੀਆਂ ਨੇ ਉਸ ਆਦਮੀ ਨਾਲ ਵਾਅਦਾ ਕੀਤਾ ਕਿ ਜੇ ਉਹ ਇਹ ਟਿਕਟ ਉਨ੍ਹਾਂ ਨੂੰ ਦੇ ਦੇਵੇ ਤਾਂ ਉਹ ਪੈਸਾ ਵਸੂਲ ਕਰ ਲੈਣਗੇ ਅਤੇ ਉਸ ਨੂੰ ਇਸ ਵਿੱਚੋਂ ਕੁਝ ਹਿੱਸਾ ਦੇ ਦੇਣਗੇ। ਇਸ ਤਰ੍ਹਾਂ ਆਤਿਫ਼ ਅਤੇ ਉਸ ਦੇ ਸਾਥੀਆਂ ਨੇ ਉਸ ਆਦਮੀ ਤੋਂ ਇਹ ਟਿਕਟ ਲੈ ਕੇ ਪੰਜ ਲੱਖ ਡਾਲਰ ਦੀ ਪਹਿਲੀ ਕਿਸ਼ਤ ਵਸੂਲ ਕਰ ਲਈ ਪਰ ਉਸ ਆਦਮੀ ਨੂੰ ਕੁਝ ਨਾ ਦਿੱਤਾ। ਕੁਝ ਮਹੀਨੇ ਉਡੀਕਣ ਤੋ ਬਾਦ ਉਸ ਆਦਮੀ ਨੇ ਇਕ ਵਕੀਲ ਨਾਲ ਸਲਾਹ ਕੀਤੀ ਅਤੇ ਉਸ ਵਕੀਲ ਨੂੰ ਇਸ ਕੇਸ ਦੀ ਪੈਰਵਾਈ ਕਰਨ ਦਾ ਅਧਿਕਾਰ ਦੇ ਦਿੱਤਾ। ਉਸ ਵਕੀਲ ਦੀ ਮਦਦ ਨਾਲ ਪੁਲਿਸ ਅਤੇ ਸਰਕਾਰੀ ਵਕੀਲਾਂ ਨੇ ਪੂਰੀ ਖੋਜ ਪੜਤਾਲ ਕਰਨ ਤੋਂ ਬਾਦ ਆਤਿਫ਼ ਅਤੇ ਉਸ ਦੇ ਸਾਥੀਆਂ ਨੂੰ ਅਗਸਤ ਦੇ ਅਖੀਰ ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੇ ਕੇਸ ਦਰਜ਼ ਕਰ ਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਡੱਕ ਦਿੱਤਾ। ਇਸ ਤਰ੍ਹਾਂ ਇਹ ਤਿੰਨੇ ਇਨਸਾਨ ਧੋਖੇ ਅਤੇ ਹੇਰਾ ਫੇਰੀ ਨਾਲ ਅਮੀਰ ਬਣਦੇ ਬਣਦੇ ਜੇਲ੍ਹ ਅੰਦਰ ਡੱਕੇ ਗਏ।
ਤੀਜੀ ਘਟਨਾ ਬਾਰੇ 4 ਸਤੰਬਰ 2011 ਨੂੰ ਨਿਊ ਯਾਰਕ ਸ਼ਹਿਰ ਦੀਆਂ ਅਖ਼ਬਾਰਾਂ ਅਤੇ ਇੰਟਰਨੈੱਟ ਤੇ ਖ਼ਬਰਾਂ ਛਪੀਆਂ ਸਨ। ਇਸ ਖ਼ਬਰ ਅਨੁਸਾਰ, ਨਿਊ ਯਾਰਕ ਸ਼ਹਿਰ ਦੇ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੂੰ ਅਮਰੀਕਾ ਦੀ ਕੇਂਦਰੀ ਸਰਕਾਰ ਨੇ ਕਈ ਮਿਲੀਅਨ ਡਾਲਰ ਦਿੱਤਾ ਸੀ ਜੋ ਕਿ ਵਲਡ ਟਰੇਡ ਸੈਂਟਰ ਉੱਤੇ 11 ਸਤੰਬਰ 2001 ਨੂੰ ਹੋਏ ਹਮਲੇ ਵਿੱਚ 3000 ਤੋਂ ਵੱਧ ਮਾਰੇ ਗਏ ਲੋਕਾਂ ਦੀਆਂ ਬਚੀਆਂ-ਖੁਚੀਆਂ ਹੱਡੀਆਂ ਦੀ ਪਛਾਣ ਕਰਨ ਲਈ ਸੀ ਤਾਂ ਜੋ ਉਹ ਹੱਡੀਆਂ ਉਨ੍ਹਾਂ ਦੇ ਪਰਵਾਰਾਂ ਦੇ ਹਵਾਲੇ ਕੀਤੀਆਂ ਜਾ ਸਕਣ। ਹਿੰਦੁਸਤਾਨੀ ਮੂਲ ਦਾ ਨਟਰਾਜਨ ਵੈਨਕਾਤਾਰਾਮ ਇਸ ਦਫ਼ਤਰ ਵਿੱਚ ਕੰਮ ਕਰਦਾ ਸੀ। ਨਟਰਾਜਨ ਨੇ ਕੰਪਿਊਟਰ ਦੀ ਸਹਾਇਤਾ ਨਾਲ ਬਹੁਤ ਸਾਰੇ ਝੂਠੇ ਬਿੱਲ ਅਤੇ ਕਾਨਟਰੈਕਟ ਬਣਾ ਕੇ ਇਸ ਦਫ਼ਤਰ ਦੇ ਖਾਤੇ ਵਿੱਚੋਂ 10 ਮਿਲੀਅਨ (ਜਾਣੀ ਕਿ 100 ਲੱਖ) ਡਾਲਰ ਦੀ ਠੱਗੀ ਅਤੇ ਚੋਰੀ ਕਰ ਲਈ। ਇਸ ਚੋਰੀ ਵਿੱਚ ਉਸ ਦਾ ਸਾਥ ਉਸ ਦੀ ਪ੍ਰੇਮਿਕਾ ਰੋਜ਼ਾ ਐਬਰੀਊ ਨੇ ਦਿੱਤਾ। ਹੌਲੀ ਹੌਲੀ ਨਟਰਾਜਨ ਦੀ ਇਸ ਚੋਰੀ ਦਾ ਕੰਪਨੀ ਅਤੇ ਕੇਂਦਰੀ ਸਰਕਾਰ ਨੂੰ ਪਤਾ ਲੱਗ ਗਿਆ। ਜਦੋਂ ਨਟਰਾਜਨ ਨੂੰ ਪਤਾ ਲੱਗਾ ਕਿ ਕੰਪਨੀ ਨੂੰ ਉਸ ਦੀ ਠੱਗੀ ਅਤੇ ਚੋਰੀ ਦਾ ਪਤਾ ਲੱਗ ਗਿਆ ਹੈ ਅਤੇ ਉਹ ਪੁਲੀਸ ਦੀ ਮਦਦ ਨਾਲ ਇਸ ਦੀ ਪੂਰੀ ਜਾਂਚ-ਪੜਤਾਲ ਕਰ ਰਹੇ ਹਨ ਤਾਂ ਉਸ ਨੇ ਚੋਰੀ ਕੀਤੇ ਪੈਸਿਆਂ ਵਿੱਚੋਂ ਇਕ ਮਿਲੀਅਨ ਡਾਲਰ ਹਿੰਦੁਸਤਾਨ ਦੀ ਇਕ ਬੈਂਕ ਵਿੱਚ ਆਪਣੇ ਖਾਤੇ ਵਿੱਚ ਜਮ੍ਹਾ ਕਰਾ ਦਿੱਤਾ। ਸਾਰੀ ਜਾਂਚ-ਪੜਤਾਲ ਤੋਂ ਬਾਦ, ਨਟਰਾਜਨ ਵਿਰੁੱਧ ਚੋਰੀ ਅਤੇ ਠੱਗੀ ਦਾ ਕੇਸ ਹੋ ਗਿਆ ਜਿਸ ਦੇ ਸਿੱਧ ਹੋਣ ਤੋਂ ਬਾਦ ਉਸ ਨੂੰ 15 ਸਾਲਾਂ ਦੀ ਕੈਦ ਹੋਈ ਅਤੇ ਉਸ ਦੀ ਪ੍ਰੇਮਿਕਾ ਨੂੰ 6 ਸਾਲ ਦੀ ਕੈਦ ਹੋਈ। ਸਰਕਾਰ ਨੇ ਉਸ ਦੇ ਸਾਰੇ ਖਾਤਿਆਂ ਵਗ਼ੈਰਾ ਦੀ ਪੜਤਾਲ ਕਰ ਕੇ ਸੱਤ ਮਿਲੀਅਨ ਡਾਲਰ ਵਸੂਲ ਕਰ ਲਿਆ। ਪਰ ਹਾਲੇ ਵੀ ਨਟਰਾਜਨ ਦੇ ਹਿੰਦੁਸਤਾਨ ਦੀ ਬੈਂਕ ਦੇ ਖਾਤੇ ਵਿੱਚ ਚਾਰ ਲੱਖ ਡਾਲਰ ਪਏ ਹਨ ਜੋ ਅਮਰੀਕਾ ਦੀ ਸਰਕਾਰ ਵਸੂਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਨਟਰਾਜਨ ਇਹ ਪੈਸੇ ਨਾ ਦੇਣ ਲਈ ਕਚਹਿਰੀ ਵਿੱਚ ਕੇਸ ਲੜ ਰਿਹਾ ਹੈ। ਕੀ ਨਟਰਾਜਨ ਨੂੰ ਦੁਖੀ ਪਰਿਵਾਰਾਂ ਦੀ ਮਦਦ ਕਰਨ ਦੀ ਵਜਾਏ ਉਨ੍ਹਾਂ ਨੂੰ ਹੋਰ ਦੁੱਖ ਪਹੁੰਚਾਉਂਦਿਆਂ ਕੋਈ ਸ਼ਰਮ ਨਾ ਆਈ? ਸਤੰਬਰ 11, 2001 ਦੇ ਹਮਲੇ ਵਿੱਚ ਅਨੇਕਾਂ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਬਹੁਤ ਸਾਰੇ ਆਦਮੀ ਅਤੇ ਔਰਤਾਂ ਵਿਧਵਾ ਹੋ ਗਏ। ਬਹੁਤ ਸਾਰੇ ਬੱਚੇ ਯਤੀਮ ਹੋ ਗਏ। ਅਨੇਕਾਂ ਮਾਂ-ਪਿਉ ਆਪਣੇ ਜਵਾਨ ਬੱਚਿਆਂ ਨੂੰ ਸਦਾ ਲਈ ਗੁਆ ਬੈਠੇ। ਇਨ੍ਹਾਂ ਦੁਖੀ ਲੋਕਾਂ ਦੀ ਮਦਦ ਕਰਨ ਦੀ ਵਜਾਏ ਨਟਰਾਜਨ ਨੂੰ ਸਗੋਂ ਇਨ੍ਹਾਂ ਨੂੰ ਹੋਰ ਦੁੱਖ ਪਹੁੰਚਾਉਣ ਦਾ ਖ਼ਿਆਲ ਕਿਵੇਂ ਆਇਆ?
ਇਨ੍ਹਾਂ ਵੀਹਾਂ ਕੁ ਦਿਨਾਂ ਦੇ ਸਮੇਂ ਵਿੱਚ ਇਹ ਤਿੰਨ ਖ਼ਬਰਾਂ ਪੜ੍ਹ ਕੇ ਦਿਲ ਨੂੰ ਬਹੁਤ ਠੇਸ ਪਹੁੰਚੀ। ਕੀ ਅਸੀਂ ਹਿੰਦੁਸਤਾਨ-ਪਾਕਿਸਤਾਨ ਦੇ ਲੋਕ ਆਪਣੇ ਇਖ਼ਲਾਕ ਅਤੇ ਕਦਰਾਂ-ਕੀਮਤਾਂ ਨੂੰ ਬਿਲਕੁਲ ਹੀ ਗੁਆ ਬੈਠੇ ਹਾਂ? ਕੀ ਸਾਨੂੰ ਮੰਦੇ ਕੰਮ ਕਰਨ ਤੋਂ ਕੋਈ ਸ਼ਰਮ ਨਹੀਂ ਆਉਂਦੀ? ਕੀ ਅਸੀਂ ਸੱਚ ਅਤੇ ਇਮਾਨਦਾਰੀ ਨੂੰ ਭੁਲਾ ਬੈਠੇ ਹਾਂ? ਕੀ ਅਸੀਂ ਇਹ ਨਹੀਂ ਸਮਝਦੇ ਕਿ ਬਦੇਸ਼ਾਂ ਵਿੱਚ ਵਸ ਕੇ ਜਦੋਂ ਅਸੀਂ ਇਹੋ ਜਿਹੇ ਗ਼ਲਤ ਕੰਮ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਾਰੇ ਸਮਾਜ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ?
ਆਮ ਤੌਰ ਤੇ ਜਦੋਂ ਲੋਕ ਇਹੋ ਜਿਹੇ ਮਾੜੇ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਉਨ੍ਹਾਂ ਨੇ ਕਦੇ ਵੀ ਫੜੇ ਨਹੀਂ ਜਾਣਾ, ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਲੱਗਣਾ, ਅਤੇ ਉਹ ਆਪਣੇ-ਆਪ ਨੂੰ ਬਹੁਤ ਚੁਸਤ-ਚਲਾਕ ਹਨ। ਵੈਸੇ ਤਾਂ ਹਾਲੇ ਵੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੱਚ ਅਤੇ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਦੇ ਹਨ ਪਰ ਥੋੜ੍ਹੇ ਜਿਹੇ ਲੋਕ ਮਾੜੇ ਰਾਹਾਂ ਤੇ ਚੱਲ ਕੇ ਸਾਨੂੰ ਸਭ ਨੂੰ ਸ਼ਰਮਸਾਰ ਕਰ ਦਿੰਦੇ ਹਨ।
|